ਚੰਡੀਗੜ੍ਹ:ਪਾਰਟੀ ਨੇ ਪੰਜਾਬ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ। ਭਾਜਪਾ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜ ਰਹੀ ਹੈ। ਮੰਗਲਵਾਰ ਨੂੰ ਭਾਜਪਾ ਹਾਈਕਮਾਂਡ ਦੀ ਮੀਟਿੰਗ ਵਿੱਚ ਬਿੱਟੂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਦੱਸ ਦਈਏ ਕਿ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਇਸ ਲਈ ਬਿੱਟੂ ਕੱਲ੍ਹ ਹੀ ਨਾਮਜ਼ਦਗੀ ਦਾਖ਼ਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਹਰਿਆਣਾ ਤੋਂ ਚੋਣ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਪਰ ਉਥੋਂ ਭਾਜਪਾ ਨੇ ਕਾਂਗਰਸ ਛੱਡ ਕੇ ਆਈ ਕਿਰਨ ਚੌਧਰੀ ਨੂੰ ਆਪਣਾ ਰਾਜ ਸਭਾ ਉਮੀਦਵਾਰ ਬਣਾਇਆ ਹੈ।
ਰਵਨੀਤ ਸਿੰਘ ਬਿੱਟੂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ: ਨਾਮਜ਼ਦਗੀ ਫਾਰਮ ਭਰਨ ਲਈ ਜੈਪੁਰ ਹਵਾਈ ਅੱਡੇ 'ਤੇ ਉਤਰੇ ਕੇਂਦਰੀ ਮੰਤਰੀ ਰਵਨਤੀ ਬਿੱਟੂ ਨੇ ਮੀਡੀਆ ਦੇ ਰੂਬਰੂਹ ਹੁੰਦਿਆ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਦੀ ਸਤਿਕਾਰਯੋਗ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਹਾਂ। ਰਾਜਸਥਾਨ ਤੋਂ ਮੈਨੂੰ ਰਾਜ ਸਭਾ ਲਈ ਨਾਮਜ਼ਦ ਕਰਕੇ ਮੇਰੇ 'ਤੇ ਭਰੋਸਾ ਪ੍ਰਗਟਾਇਆ ਹੈ। ਮੈਂ ਆਪਣੇ ਮਹਾਨ ਦੇਸ਼ ਅਤੇ ਪਾਰਟੀ ਨੂੰ ਮਾਣ ਦਿਵਾਉਣ ਲਈ ਅਣਥੱਕ ਮਿਹਨਤ ਕਰਨ ਦਾ ਵਾਅਦਾ ਕਰਦਾ ਹਾਂ। ਤੁਹਾਡੇ ਸਮਰਥਨ ਨਾਲ, ਮੈਂ ਸਾਡੇ ਸੰਵਿਧਾਨ ਦੇ ਮੁੱਲਾਂ ਅਤੇ ਸਿਧਾਂਤਾਂ ਨੂੰ ਬਰਕਰਾਰ ਰੱਖਣ ਅਤੇ ਸਾਡੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਯਤਨ ਕਰਾਂਗਾ।
ਬਿੱਟੀ ਨੂੰ ਲੋਕ ਸਭਾ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ:ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦਾ ਪੁੱਤਰ ਹੈ।