ਪੰਜਾਬ

punjab

ETV Bharat / state

ਪਾਕਿਸਤਾਨ ਦਾ ਵੱਡਾ ਐਲਾਨ: ਸਿੱਖ ਸ਼ਰਧਾਲੂਆਂ ਨੂੰ 30 ਮਿੰਟਾਂ 'ਚ ਮੁਫ਼ਤ ਮਿਲੇਗਾ Online ਵੀਜ਼ਾ, ਜਾਣੋਂ ਕੀ ਹੈ ਖਾਸ - VISIT PAKISTAN WITHOUT VISA FEE

ਅਮਰੀਕਾ, ਯੂਕੇ ਅਤੇ ਕੈਨੇਡਾ ਤੋਂ ਪਾਕਿਸਤਾਨ 'ਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਨੂੰ ਪਾਕਿਸਤਾਨ ਸਰਕਾਰ 30 ਮਿੰਟਾਂ 'ਚ ਮੁਫ਼ਤ ਆਨਲਾਈਨ ਵੀਜ਼ਾ ਦੇਵੇਗੀ।

ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦਾ ਮੁਫ਼ਤ ਵੀਜ਼ਾ
ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦਾ ਮੁਫ਼ਤ ਵੀਜ਼ਾ (ETV BHARAT)

By ETV Bharat Punjabi Team

Published : Nov 2, 2024, 8:01 PM IST

ਚੰਡੀਗੜ੍ਹ:ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਵੱਸਦੇ ਸਿੱਖ ਸ਼ਰਧਾਲੂ ਅਕਸਰ ਪਾਕਿਸਤਾਨ ਸਥਿਤ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪੈਸੇ ਖਰਚ ਕਰਕੇ ਤੇ ਵੀਜ਼ਾ ਲੈਕੇ ਸਿਜਦਾ ਕਰਨ ਜਾਂਦੇ ਹਨ। ਇਸ ਵਿਚਾਲੇ ਹੁਣ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ।

ਸਿੱਖ ਸ਼ਰਧਾਲੂਆਂ ਲਈ ਮੁਫ਼ਤ ਵੀਜ਼ੇ ਦੀ ਸਹੂਲਤ

ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਐਲਾਨ ਅਨੁਸਾਰ ਅਮਰੀਕਾ, ਯੂਨਾਈਟਿਡ ਕਿੰਗਡਮ (ਯੂਕੇ) ਅਤੇ ਕੈਨੇਡਾ ਤੋਂ ਪਾਕਿਸਤਾਨ 'ਚ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ 30 ਮਿੰਟਾਂ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਦੇਵੇਗੀ। ਇਸ 'ਚ ਖਾਸ ਗੱਲ ਇਹ ਹੈ ਕਿ ਫਿਲਹਾਲ ਇਸ ਵੀਜ਼ਾ ਸਹੂਲਤ ਦਾ ਭਾਰਤ ਦੇ ਸਿੱਖਾਂ ਲਈ ਐਲਾਨ ਨਹੀਂ ਕੀਤਾ ਗਿਆ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਮੇਸ਼ ਸਿੰਘ ਅਰੋੜਾ (ETV BHARAT)

ਪਾਕਿ ਗੁਰਦੁਆਰਾ ਕਮੇਟੀ ਨੇ ਦੱਸੇ ਕਿਹੜੇ ਦੇਸ਼ ਸ਼ਾਮਲ

ਉਧਰ ਇਸ ਮਾਮਲੇ 'ਤੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਨਕਵੀ ਵਲੋਂ ਕੀਤੇ ਇਸ ਐਲਾਨ ਨਾਲ ਅਮਰੀਕਾ, ਯੂਕੇ ਅਤੇ ਕੈਨੇਡਾ ਨੂੰ ਲਾਭ ਮਿਲੇਗਾ ਤੇ ਆਨਲਾਈਨ ਵੀਜ਼ਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਨਾਲ ਜੋ ਹੁਣ ਪਾਕਿਸਤਾਨ ਦਾ ਦੁਬਾਰਾ ਐਮਓਯੂ ਸਾਈਨ ਹੋਇਆ, ਉਸ ਅਨੁਸਾਰ ਭਾਰਤ ਦਾ ਪਾਕਿਸਤਾਨ ਨਾਲ ਜਿਵੇਂ ਪਹਿਲਾਂ ਨਿਜ਼ਾਮ ਚੱਲ ਰਿਹਾ ਹੈ, ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ।

ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ (ETV BHARAT)

ਸ਼੍ਰੋਮਣੀ ਕਮੇਟੀ ਨੇ ਭਾਰਤੀ ਸ਼ਰਧਾਲੂਆਂ ਲਈ ਵੀ ਕੀਤੀ ਮੰਗ

ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਹਿਲਾਂ ਸ਼ੰਕਾ ਸੀ ਕਿ ਸ਼ਾਇਦ ਪਾਕਿਸਤਾਨ ਨੇ ਸਾਰੇ ਦੇਸ਼ਾਂ ਦੇ ਸਿੱਖ ਸ਼ਰਧਾਲੂਆਂ ਦੇ ਵੀਜ਼ਾ ਨੂੰ ਮੁਫ਼ਤ ਕੀਤਾ ਹੈ ਪਰ ਹੁਣ ਇਹ ਸਪੱਸ਼ਟ ਹੋ ਚੁੱਕਿਆ ਕਿ ਭਾਰਤ ਇਸ 'ਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗਦੀ 20 ਡਾਲਰ ਦੀ ਫੀਸ ਮੁਆਫ਼ ਕਰਨ ਦੀ ਮੰਗ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਾਂ ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਵੀ ਮੁਫ਼ਤ ਵੀਜ਼ਾ ਦੀ ਸਹੂਲਤ ਹੋਣੀ ਚਾਹੀਦੀ ਹੈ।

ਸਿੱਖ ਸ਼ਰਧਾਲੂਆਂ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਐਲਾਨ

ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਮੰਤਰੀ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਉਨ੍ਹਾਂ ਨੇ ਲੰਘੇ ਵੀਰਵਾਰ ਭਾਵ ਬੀਤੀ 31 ਅਕਤੂਬਰ ਨੂੰ ਲਾਹੌਰ ਵਿੱਚ ਸਿੱਖ ਸ਼ਰਧਾਲੂਆਂ ਦੇ 44 ਮੈਂਬਰੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੰਤਰੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸਿੱਖ ਸ਼ਰਧਾਲੂਆਂ ਨੂੰ ਪਿਛਲੇ ਸਮੇਂ ਵਿੱਚ ਪਾਕਿਸਤਾਨ ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

30 ਮਿੰਟਾਂ ਦੇ ਅੰਦਰ ਪ੍ਰਾਪਤ ਕਰੋ ਵੀਜ਼ਾ

ਪਾਕਿਸਤਾਨ ਦੇ ਗ੍ਰਹਿ ਮੰਤਰੀ ਨਕਵੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਸਿੱਖਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਨਲਾਈਨ ਕਰਕੇ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਅਤੇ ਯੂ.ਕੇ. ਦੇ ਪਾਸਪੋਰਟ ਧਾਰਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਫੀਸ ਦੇ 30 ਮਿੰਟਾਂ ਦੇ ਅੰਦਰ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਸੀਂ ਸਾਲ ਵਿੱਚ 10 ਵਾਰ ਪਾਕਿਸਤਾਨ ਆ ਸਕਦੇ ਹੋ ਅਤੇ ਅਸੀਂ ਹਰ ਵਾਰ ਤੁਹਾਡਾ ਸਵਾਗਤ ਕਰਾਂਗੇ।

ਸਿੱਖ ਭਾਈਚਾਰੇ ਲਈ ਪਵਿੱਤਰ ਪਾਕਿਸਤਾਨ

ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਾਊਦੀ ਅਰਬ ਮੁਸਲਮਾਨਾਂ ਲਈ ਪਵਿੱਤਰ ਹੈ, ਉਸੇ ਤਰ੍ਹਾਂ ਪਾਕਿਸਤਾਨ ਸਿੱਖ ਭਾਈਚਾਰੇ ਲਈ ਪਵਿੱਤਰ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਕਿਸਤਾਨ ਵਿੱਚ ਕਈ ਸਿੱਖ ਵਿਰਾਸਤੀ ਥਾਵਾਂ ਨੂੰ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ ਅਤੇ ਇਸ ਸਬੰਧ ਵਿੱਚ ਕਿਸੇ ਪਰਮਿਟ ਦੀ ਲੋੜ ਨਹੀਂ ਹੋਵੇਗੀ। ਮੰਤਰੀ ਨਕਵੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਸਾਲਾਨਾ 1 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਇੱਛਾ ਪ੍ਰਗਟਾਈ। ਇਸ ਦੇ ਨਾਲ ਹੀ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ 'ਤੇ ਜ਼ੋਰ ਦਿੱਤਾ।

124 ਦੇਸ਼ਾਂ ਦੇ ਨਾਗਰਿਕਾਂ ਲਈ ਮੁਫਤ ਵੀਜ਼ਾ ਦੀ ਸਹੂਲਤ

ਇਸ ਦੌਰਾਨ ਸਿੱਖ ਵਫ਼ਦ ਨੇ ਨਕਵੀ ਦੀ ਮਹਿਮਾਨ-ਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਆਨਲਾਈਨ ਵੀਜ਼ਾ ਪ੍ਰੋਸੈਸਿੰਗ ਅਸਾਨ ਕਰਨ 'ਤੇ ਸ਼ਲਾਘਾ ਕਰਦਿਆਂ ਕਿਹਾ, 'ਤੁਸੀਂ ਸਾਡਾ ਦਿਲ ਜਿੱਤ ਲਿਆ ਹੈ'। ਪਾਕਿਸਤਾਨ ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ 124 ਦੇਸ਼ਾਂ ਦੇ ਨਾਗਰਿਕਾਂ ਲਈ ਮੁਫਤ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਸੈਲਾਨੀਆਂ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਵੀਜ਼ਾ ਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਦੇ ਹੋਏ ਪਾਕਿਸਤਾਨ ਨੇ 14 ਅਗਸਤ ਨੂੰ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਫੀਸ ਪੂਰੀ ਤਰ੍ਹਾਂ ਮੁਆਫ ਕਰ ਦਿੱਤੀ।

ABOUT THE AUTHOR

...view details