ਅੰਬਾਲਾ/ਹਰਿਆਣਾ:ਅੱਜ ਯਾਨੀ 16 ਦਸੰਬਰ ਨੂੰ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਣੇ ਹੋਰ 13 ਮੰਗਾਂ ਨੂੰ ਲੈ ਕੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਜਾ ਰਹੇ ਹਨ। ਟਰੈਕਟਰ ਮਾਰਚ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਢਿਆ ਜਾਵੇਗਾ। ਦੂਜੇ ਪਾਸੇ, ਮਰਨ ਵਰਤ ਉੱਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹੋਰ ਚਿੰਤਾਜਨਕ ਹੋ ਰਹੀ ਹੈ।
ਟਰੈਕਟਰ ਮਾਰਚ ਜਾਰੀ
ਅੰਬਾਲਾ ਵਿਖੇ ਕਿਸਾਨਾਂ ਨੇ ਟਰੈਕਟਰਾਂ 'ਤੇ ਪੰਜਾਬ-ਹਰਿਆਣਾ ਸ਼ੰਭੂ ਸਰਹੱਦ ਵੱਲ ਮਾਰਚ ਕੀਤਾ, ਜਿੱਥੇ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਸੀ ਕਿ ਪੰਜਾਬ ਦਾ ਵੱਡੇ ਪੱਧਰ ਉੱਤੇ ਪਹਿਲਾਂ ਹੀ ਇੱਥੇ ਖਨੌਰੀ-ਸ਼ੰਭੂ ਸਰਹੱਦਾਂ ਉੱਤੇ ਜ਼ੋਰ ਲੱਗਿਆ ਹੋਇਆ ਹੈ ਜਿਸ ਵਿੱਚ ਲੰਗਰ-ਪਾਣੀ ਸਣੇ ਹੋਰ ਕਈ ਸੇਵਾਵਾਂ ਪੰਜਾਬ ਦੇ ਲੋਕ ਸਮੇਂ-ਸਮੇਂ ਉੱਤੇ ਇੱਥੇ (ਖਨੌਰੀ-ਸ਼ੰਭੂ ਸਰੱਹਦ) ਉੱਤੇ ਪਹੁੰਚ ਕੇ ਨਿਭਾਅ ਰਹੇ ਹਨ। ਇਸ ਲਈ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਟਰੈਕਟਰ ਮਾਰਚ ਹੋਵੇਗਾ।
ਖਨੌਰੀ ਸਰਹੱਦ 'ਤੇ ਪਹੁੰਚੇ ਰਾਜਾ ਵੜਿੰਗ
ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲਣ ਲਈ ਖਨੌਰੀ ਸਰਹੱਦ 'ਤੇ ਪਹੁੰਚੇ। ਉਨ੍ਹਾਂ ਕਿਹਾ, "ਡੱਲੇਵਾਲ ਸਹਿਬ ਦੀ ਹਾਲਤ ਇਸ ਸਮੇਂ ਬਹੁਤ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਉਨ੍ਹਾਂ ਨੇ 21 ਦਿਨਾਂ ਤੋਂ ਕੁਝ ਨਹੀਂ ਖਾਧਾ। ਮੈਂ ਭਾਰਤ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਜੇਕਰ ਡੱਲੇਵਾਲ ਸਹਿਬ ਨੂੰ ਕੁਝ ਹੋਇਆ, ਤਾਂ ਪੰਜਾਬ ਦੇ ਲੋਕ ਅਤੇ ਦੇਸ਼ ਦੇ ਕਿਸਾਨ ਚੁੱਪ ਨਹੀਂ ਰਹਿਣਗੇ, ਤੁਹਾਡੀ ਕੁਰਸੀ ਸੁਰੱਖਿਅਤ ਨਹੀਂ ਰਹੇਗੀ, ਪਰ ਮੈਂ ਸਲਾਹ ਦੇ ਰਿਹਾ ਹਾਂ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਥੇ ਆ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।"