ਚੰਡੀਗੜ੍ਹ: ਹੱਕੀ ਮੰਗਾਂ ਲਈ 12 ਫਰਵਰੀ ਤੋਂ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਪਹੁੰਚ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਲਗਾਤਾਰ ਬੈਰੀਕੇਡਿੰਗ ਅਤੇ ਭਾਰੀ ਸੁਰੱਖਿਆ ਪ੍ਰਬੰਧ ਕਰਕੇ ਡੱਕਿਆ ਹੋਇਆ ਹੈ। ਅੱਜ ਕਿਸਾਨਾਂ ਦਾ ਇਹ ਅੰਦੋਲਨ ਭਾਵੇਂ 17ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਮਸਲੇ ਦਾ ਕੋਈ ਵੀ ਸਾਰਥਕ ਹੱਲ ਨਹੀਂ ਨਿਕਲ ਰਿਹਾ ।
ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਗਾਰੰਟੀ ਕਾਨੂੰਨ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਜਾਰੀ ਹੈ ਅਤੇ ਦਿੱਲੀ ਮਾਰਚ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਨ ਪੰਧੇਰ ਅਤੇ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂ ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਸਾਂਝੀ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੋਵਾਂ ਨੇ ਇਸ ਸਬੰਧੀ ਆਪੋ-ਆਪਣੇ ਸੰਗਠਨਾਂ ਨਾਲ ਮੀਟਿੰਗ ਕੀਤੀ ਸੀ।
ਦੱਸ ਦਈਏ ਕਰੀਬ ਹਫਤਾ ਪਹਿਲਾਂ ਖਨੌਰੀ ਬਾਰਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਅਤੇ ਇਸ ਮੌਤ ਮਗਰੋਂ 29 ਫਰਵਰੀ ਤੱਕ ਦਿੱਲੀ ਕੂਚ ਦੀ ਯੋਜਨਾ ਨੂੰ ਕਿਸਾਨ ਆਗੂਆਂ ਨੇ ਟਾਲ ਦਿੱਤਾ। ਹਾਲਾਂਕਿ ਅੱਜ ਸ਼ੁਭਕਰਨ ਸਿੰਘ ਦਾ ਆਖਿਰਕਾਰ ਸਸਕਾਰ ਹੋਣ ਜਾ ਰਿਹਾ ਅਤੇ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਬੀਤੇ ਦਿਨ ਪੰਜਾਬ ਸਰਕਾਰ ਅਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਕਤਲ ਦੀ ਧਾਰਾ 302 ਤਹਿਤ ਅਣਪਛਾਤਿਆਂ ਉੱਤੇ ਐੱਫਆਈਰ ਦਰਜ ਕਰ ਲਈ ਹੈ।
ਜੇਕਰ ਅੰਦੋਲਨ ਨੂੰ ਲੈਕੇ ਪੰਜਾਬ ਦੇ ਕਿਸਾਨ ਵਿਊਂਤਬੰਦੀ ਕਰ ਰਹੇ ਹਨ ਤਾਂ ਹਰਿਆਣਾ ਪੁਲਿਸ ਵੀ ਲਗਾਤਾਰ ਹਰਕਤ ਵਿੱਚ ਹੈ। ਹਰਿਆਣਾ ਸਰਕਾਰ ਨੇ ਕਈ ਅੰਦੋਲਨਕਾਰੀ ਕਿਸਾਨਾਂ ਦੇ ਪਾਸਪੋਰਟ ਅਤੇ ਵੀਜ਼ੇ ਰੱਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂਹਨ। ਹਰਿਆਣਾ ਪੁਲਿਸ ਨੇ ਕੈਮਰਿਆਂ ਅਤੇ ਡਰੋਨਾਂ ਤੋਂ ਸ਼ਰਾਰਤੀ ਅਨਸਰਾਂ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਨ੍ਹਾਂ ਨੂੰ ਭਾਰਤੀ ਸਫਾਰਤਖਾਨੇ ਭੇਜਿਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਰੱਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੰਬਾਲਾ ਪੁਲਿਸ ਪਾਸਪੋਰਟ ਦਫਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਉਨ੍ਹਾਂ ਦੀਆਂ ਤਸਵੀਰਾਂ ਭੇਜ ਰਹੀ ਹੈ।