ਨਸ਼ੇ 'ਤੇ ਠੱਲ ਪਾਉਣ ਦੀ ਕੀਤੀ ਮੰਗ (ETV BHARAT PUNJAB (ਰਿਪੋਟਰ,ਸੰਗਰੂਰ)) ਸੰਗਰੂਰ:ਇਤਿਹਾਸਕ ਪਿੰਡ ਲੌਂਗੋਵਾਲ ਦੇ ਲੋਕ ਨਸ਼ਾ ਤਸਕਰਾਂ ਅਤੇ ਪਿੰਡ ਵਿੱਚ ਸ਼ਰੇਆਮ ਘੁੰਮਦੇ ਨਸ਼ੇੜੀਆਂ ਤੋਂ ਡਾਹਢੇ ਪਰੇਸ਼ਾਨ ਹਨ। ਇਸ ਕਾਰਣ ਪਿੰਡ ਦੀਆਂ ਔਰਤਾਂ ਵੱਲੋਂ ਸੜਕ ਜਾਮ ਕਰਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰਤਾਂ ਦਾ ਇਲਜ਼ਾਮ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਜੇਕਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਵੀ ਹੈ ਤਾਂ ਥੋੜ੍ਹੇ ਸਮਾਂ ਬਾਅਦ ਹੀ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਬੱਚਿਆਂ ਨੂੰ ਵੀ ਬਣਾਇਆ ਜਾ ਰਿਹਾ ਆਦੀ
ਔਰਤਾ ਮੁਤਾਬਿਕ ਲੌਂਗੋਵਾਲ ਵਿੱਚ ਨਸ਼ੇ ਦੇ ਸੌਦਾਗਰ ਛੋਟੇ ਬੱਚਿਆਂ ਹੱਥ ਨਸ਼ੀਲੇ ਕੈਪਸੂਲ ਭੇਜਦੇ ਹਨ, ਇਸ ਲਈ ਹੁਣ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰਦੇ ਹਨ। ਉਨ੍ਹਾਂ ਆਖਿਆ ਕਿ ਨਸ਼ੇੜੀਆਂ ਨੂੰ ਕਿਸੇ ਕਾਨੂੰਨ ਜਾਂ ਪੁਲਿਸ ਦਾ ਕੋਈ ਡਰ ਦਿਖਾਈ ਨਹੀਂ ਦਿੰਦਾ। ਸਥਾਨਕਵਾਸੀ ਗੁਰਮੇਲ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸ਼ਰਾਬ, ਭੁੱਕੀ ਅਤੇ ਕੈਪਸੂਲ ਵਿਕ ਰਹੇ ਹਨ ਅਤੇ ਪਿਛਲੇ 15 ਦਿਨਾਂ 'ਚ 10 ਚੋਰੀਆਂ ਹੋ ਚੁੱਕੀਆਂ ਹਨ, ਜੋ ਕਿ ਨਸ਼ੇੜੀਆਂ ਨੇ ਕੀਤੀਆਂ ਹਨ। ਸੰਗਰੂਰ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਵੱਲੋਂ ਲਿਖਤੀ ਤੌਰ 'ਤੇ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਹੋ ਸਕੇ।
ਪੁਲਿਸ ਨੇ ਕੀਤਾ ਐਕਸ਼ਨ
ਨਸ਼ਾ ਤਸਕਰਾਂ ਖਿਲਾਫ਼ ਔਰਤਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਲੌਂਗੋਵਾਲ ਪੁਲਿਸ ਨੇ 4 ਕਥਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆਂ ਕਿ ਨਸ਼ਾ ਤਸਕਰਾਂ ਖਿਲਾਫ ਪਹਿਲਾਂ ਤੋਂ ਮੁਹਿੰਮ ਵਿੱਢੀ ਹੋਈ ਹੈ। ਇਸੇ ਦੌਰਾਨ ਪੁਲਿਸ ਵੱਲੋਂ ਇੱਕ ਅਹਿਮ ਕਾਰਵਾਈ ਕਰਦਿਆਂ ਨਸ਼ੀਲੇ ਕੈਪਸੂਲ ਵੇਚਣ ਵਾਲੇ 4 ਲੋਕਾਂ ਨੂੰ 150 ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਫਸਰ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਕੁੱਝ ਨਸ਼ਾ ਤਸਕਰ ਬਡਬਰ ਰੋਡ 'ਤੇ ਸੂਏ ਦੇ ਪੁਲ ਨੇੜੇ ਲੋਕਾਂ ਨੂੰ ਸਿਗਨੇਚਰ ਕੈਪਸੂਲ ਵੇਚਦੇ ਹਨ।
4 ਤਸਕਰ ਕਾਬੂ
ਗੁਪਤ ਸੂਚਨਾ ਦੇ ਅਧਾਰ ਉੱਤੇ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਤਾਂ ਉਕਤ ਮੁਲਜ਼ਮਾਂ ਨੂੰ 150 ਕੈਪਸੂਲ ਸਿਗਨੇਚਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਔਰਤਾਂ ਵੱਲੋਂ ਧਰਨਾ ਦਿੱਤਾ ਗਿਆ ਹੈ, ਉਸ ਇਲਾਕੇ ਵਿਚ ਨਸ਼ਾ ਤਸਕਰਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ।