ਕੈਨੇਡਾ: ਪਿਛਲੇ ਸਾਲ ਕਤਲ ਕੀਤੇ ਗਏ ਖਾਲਿਸਤਾਨੀ ਆਗੂ ਹਰਦੀਪ ਨਿੱਜਰ ਦੇ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰਵਾਰ 3 ਮਈ ਕਤਲ ਦੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡੀਅਨ ਮੀਡੀਆ ਮੁਤਾਬਿਕ ਐਡਮਿੰਟਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਭਾਰਤੀ ਹਨ।
ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਗੁਰਗੇ: ਕੈਨੇਡਾ ਦੇ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਅਤੇ ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਵੀ ਸਬੰਧ ਹਨ। ਇਹ ਸਾਰੇ ਆਰਜ਼ੀ ਵੀਜ਼ੇ 'ਤੇ 2021 'ਚ ਕੈਨੇਡਾ ਗਏ ਸਨ। ਇਨ੍ਹਾਂ ਖ਼ਿਲਾਫ਼ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਤਲ 'ਚ ਭਾਰਤੀ ਐਂਗਲ ਦੀ ਜਾਂਚ:ਕੈਨੇਡੀਅਨ ਪੁਲਿਸ ਦੀ ਚਾਰਜਸ਼ੀਟ ਮੁਤਾਬਿਕ ਤਿੰਨਾਂ ਮੁਲਜ਼ਮਾਂ ਨੇ ਨਿੱਜਰ ਦੇ ਕਤਲ ਨੂੰ ਅੰਜਾਮ ਦੇਣ ਵਿਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਵਿੱਚੋਂ ਇੱਕ ਨਿੱਜਰ ਦੀ ਟਿਕਾਣਾ ਲੱਭਣ ਦੀ ਜ਼ਿੰਮੇਵਾਰੀ ਸੀ। ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਕਤਲ ਵਿੱਚ ਕੈਨੇਡੀਅਨ ਏਜੰਸੀਆਂ ਭਾਰਤ ਸਰਕਾਰ ਦੇ ਹੱਥ ਹੋਣ ਸਬੰਧੀ ਵੀ ਜਾਂਚ ਕਰ ਰਹੀਆਂ ਹਨ। ਦੂਜੇ ਪਾਸੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਬਰਾੜ ਨੇ ਵੀ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਇਲਜ਼ਾਮ X ਉੱਤੇ ਪੋਸਟ ਕਰਕੇ ਲਗਾਏ ਹਨ।
2023 ਵਿੱਚ ਹੋਇਆ ਸੀ ਕਤਲ: ਜ਼ਿਕਰਯੋਗ ਹੈ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਇਸ ਘਟਨਾ ਤੋਂ ਬਾਅਦ ਅਗਸਤ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਨਿੱਜਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ। ਨਿੱਜਰ ਦੇ ਕਤਲ ਨੇ ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਤਣਾਅ ਪੈਦਾ ਕਰ ਦਿੱਤਾ ਸੀ ਜਦੋਂ ਟਰੂਡੋ ਨੇ ਭਾਰਤ 'ਤੇ ਇਸ ਕਤਲ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ। ਭਾਰਤ ਨੇ ਉਸ ਦੇ ਦਾਅਵਿਆਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ।