ਅੰਮ੍ਰਿਤਸਰ :ਪਿਛਲੇ ਦਿਨੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ 1 ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਇੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਲੁਧਿਆਣੇ ਤੋਂ ਕਾਬੂ ਕੀਤਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਅੰਮ੍ਰਿਤਸਰ ਪ੍ਰਗਿਆ ਜੈਨ ਨੇ ਕਿਹਾ ਕਿ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਵਿੱਚ ਤਕਰਾਰ ਹੋਇਆ ਸੀ। ਜਿਸ ਦੌਰਾਨ ਕਿ ਇੱਕ ਧਿਰ ਵੱਲੋਂ ਗੋਲੀ ਚਲਾਈ ਗਈ ਜਿਸ ਵਿੱਚ ਹਰਮਨਦੀਪ ਸਿੰਘ ਦੇ ਗੋਲੀ ਵੱਜੀ ਸੀ ਤੇ ਉਸ ਦੀ ਮੌਤ ਹੋ ਗਈ।
ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ: ਉਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁਧਿਆਣੇ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜੁਗਰਾਜ ਸਿੰਘ ਉਰਫ ਲਾਲ, ਅਦਿਤਿਆ ਬੇਦੀ ਉਰਫ ਐਡੀ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਝਗੜੇ ਦੌਰਾਨ ਅੱਠ ਤੋਂ 10 ਵਿਅਕਤੀ ਹੋਰ ਸਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।