ਬਠਿੰਡਾ:ਪੰਜਾਬ ਵਿੱਚ ਆਏ ਦਿਨ ਕਤਲ, ਚੋਰੀ ਅਤੇ ਧੋਖਾਧੜੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਕਈ ਘਟਨਾਵਾਂ ਦਾ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖਣ-ਸੁਣਨ ਤੋਂ ਬਾਅਦ ਮਨ ਵਿੱਚ ਇੱਕ ਹੀ ਸਵਾਲ ਆਉਂਦਾ ਹੈ ਕਿ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਹੈ? ਕੀ ਸਾਡੀ ਪੁਲਿਸ ਨੂੰ ਇਸ ਸੰਬੰਧੀ ਪੁਖ਼ਤਾ ਇੰਤਜ਼ਾਮ ਨਹੀਂ ਕਰਨੇ ਚਾਹੀਦੇ? ਕੀ ਸਾਡੇ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ? ਇੰਨ੍ਹਾਂ ਹੀ ਘਟਨਾਵਾਂ ਦੀ ਇੱਕ ਤਾਜ਼ਾ ਉਦਾਹਰਣ ਬਠਿੰਡਾ ਵਿੱਚ ਮਿਲੀ ਹੈ, ਜਿੱਥੇ ਚੋਰ ਬਿਲਕੁੱਲ ਨਿਡਰ ਹੋ ਕੇ ਅਤੇ ਆਰਾਮ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰ ਰਹੇ ਹਨ।
ਦਰਅਸਲ, ਬੀਤੀ ਰਾਤ ਬਠਿੰਡਾ ਦੇ ਮੇਲਾ ਰਾਮ ਰੋਡ ਉਤੇ ਸਥਿਤ ਇੱਕ ਮੈਡੀਕਲ ਸਟੋਰ ਉਤੇ ਕਾਰ ਵਿੱਚ ਆਏ ਚੋਰਾਂ ਨੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਚੌਂਕੀ ਤੋਂ ਮਹਿਜ਼ ਕੁਝ ਦੂਰੀ ਉਤੇ ਵਾਪਰੀ ਇਸ ਘਟਨਾ ਨਾਲ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।