Robbers In Punjab (ETV BHARAT) ਲੁਧਿਆਣਾ: ਲੁਧਿਆਣਾ ਦੇ ਖੰਨਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਲੁਟੇਰਿਆਂ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ। ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਅਪਰਾਧੀਆਂ ਵਿੱਚ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਹੈ।
ਇਹ ਸਭ ਅਸੀਂ ਨਹੀਂ ਤਾਜ਼ਾ ਵਾਪਰੀ ਘਟਨਾ ਕਹਿ ਰਹੀ ਹੈ, ਦਰਅਸਲ, ਤਾਜ਼ਾ ਘਟਨਾ ਦੋਰਾਹਾ ਦੀ ਮਧੂ ਮਾਂਗਟ ਗਲੀ ਵਿੱਚ ਵਾਪਰੀ। ਇੱਥੇ ਸ਼ਨੀਵਾਰ ਦੀ ਸ਼ਾਮ ਨੂੰ ਬਾਈਕ ਸਵਾਰ ਦੋ ਲੁਟੇਰਿਆਂ ਨੇ ਇੱਕ ਔਰਤ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਉਲੇਖਯੋਗ ਹੈ ਕਿ ਔਰਤ ਦੋਰਾਹਾ ਦੀ ਮਧੂ ਮਾਂਗਟ ਗਲੀ 'ਚ ਪੈਦਲ ਜਾ ਰਹੀ ਸੀ। ਉਸਦੇ ਹੱਥ ਵਿੱਚ ਮੋਬਾਇਲ ਫੜਿਆ ਹੋਇਆ ਸੀ। ਸਾਹਮਣੇ ਤੋਂ ਦੋ ਲੁਟੇਰੇ ਬਾਈਕ 'ਤੇ ਆਏ। ਪਿੱਛੇ ਬੈਠੇ ਲੁਟੇਰੇ ਨੇ ਐਲਸੀਡੀ ਵੀ ਫੜੀ ਹੋਈ ਸੀ। ਇਸੇ ਦੌਰਾਨ ਚੱਲਦੀ ਬਾਈਕ ਦੇ ਪਿੱਛੇ ਬੈਠੇ ਲੁਟੇਰੇ ਨੇ ਔਰਤ ਦੇ ਹੱਥੋਂ ਮੋਬਾਈਲ ਫੋਨ ਖੋਹ ਲਿਆ, ਜਿਸ ਕਾਰਨ ਲੁਟੇਰਿਆਂ ਦੀ ਬਾਈਕ ਬੇਕਾਬੂ ਹੋ ਗਈ, ਜਿਸ ਦੇ ਚੱਲਦੇ ਐਲਸੀਡੀ ਜ਼ਮੀਨ ’ਤੇ ਡਿੱਗ ਪਈ ਅਤੇ ਲੁਟੇਰੇ ਮੋਬਾਇਲ ਲੈ ਕੇ ਬਾਈਕ ’ਤੇ ਫਰਾਰ ਹੋ ਗਏ। ਇਸੇ ਦੌਰਾਨ ਔਰਤ ਦਾ ਰੌਲਾ ਸੁਣ ਕੇ ਗਲੀ ਵਿੱਚ ਕੁੱਝ ਹੋਰ ਲੋਕ ਵੀ ਬਾਹਰ ਨਿਕਲ ਆਏ ਹਨ। ਪਰ ਉਦੋਂ ਤੱਕ ਲੁਟੇਰੇ ਕਾਫੀ ਦੂਰ ਚਲੇ ਗਏ ਸਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਚਓ ਦੋਰਾਹਾ ਗੁਰਪ੍ਰਤਾਪ ਸਿੰਘ ਖੁਦ ਮੌਕੇ ’ਤੇ ਪੁੱਜੇ। ਇਲਾਕੇ ਨੂੰ ਤੁਰੰਤ ਵਾਇਰਲੈੱਸ ਰਾਹੀਂ ਸੁਨੇਹਾ ਭਿਜਵਾ ਕੇ ਸੀਲ ਕਰਵਾ ਦਿੱਤਾ ਗਿਆ। ਨਾਕੇ ਲਗਾਏ ਗਏ ਅਤੇ ਸੀਸੀਟੀਵੀ ਫੁਟੇਜ ਪੁਲਿਸ ਟੀਮਾਂ ਨੂੰ ਭੇਜੀ ਗਈ।
ਐਸਐਚਓ ਨੇ ਦੱਸਿਆ ਕਿ ਪੁਲਿਸ ਦੀ ਪਹਿਲੀ ਕੋਸ਼ਿਸ਼ ਲੁਟੇਰਿਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨਾ ਹੈ। ਇਸਤੋਂ ਬਾਅਦ ਜਾਂਚ ਕੀਤੀ ਜਾਵੇਗੀ ਕਿ ਇਹ ਬਾਈਕ ਉਨ੍ਹਾਂ ਦੀ ਹੈ ਜਾਂ ਚੋਰੀ ਦੀ। ਮੌਕੇ 'ਤੇ ਡਿੱਗੀ LCD ਨੂੰ ਕਿਵੇਂ ਅਤੇ ਕਿੱਥੋਂ ਲਿਆਂਦਾ ਗਿਆ? ਇਸਦੀ ਪੜਚੋਲ ਕੀਤੀ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਮਾਮਲੇ ਦਾ ਸੁਰਾਗ਼ ਮਿਲ ਜਾਵੇਗਾ ਅਤੇ ਦੋਸ਼ੀ ਫੜੇ ਜਾਣਗੇ।