40 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਮ੍ਰਿਤਕ ਦੇਹ ਘਰ (ETV Bharat (ਪੱਤਰਕਾਰ, ਮੋਗਾ)) ਮੋਗਾ: ਮੋਗਾ ਦੇ ਧਰਮਕੋਟ ਵਿੱਚ ਅੱਜ 40 ਲੱਖ ਰੁਪਏ ਦੀ ਲਾਗਤ ਨਾਲ ਇੱਕ ਮ੍ਰਿਤਕ ਦੇਹ ਘਰ ਬਣਾਇਆ ਗਿਆ। ਜਿਸ ਵਿੱਚ ਲਗਭਗ 8 ਲਾਸ਼ਾਂ ਰੱਖਣ ਦੀ ਸਮਰੱਥਾ ਹੈ! ਜਦੋਂ ਕਿ ਇਸ ਤੋਂ ਪਹਿਲਾਂ ਪੂਰੇ ਮੋਗਾ ਜ਼ਿਲੇ 'ਚ ਇਕੱਲੇ ਸਿੰਘਾਂਵਾਲਾ 'ਚ ਮ੍ਰਿਤਕ ਦੇਹ ਨੂੰ ਰੱਖਣ ਲਈ ਜਗਾ ਬਣੀ ਸੀ। ਇਸਦੀ ਸ਼ੁਰੂਆਤ ਵਿੱਚ ਗੁਰੂ ਗ੍ਰੰਥ ਸਹਿਬ ਲਿਆ ਕੇ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕਰਵਾਈ ਗਈ ਹੈ।
ਲਾਸ਼ ਰੱਖਣ ਲਈ ਕਰੀਬ 35 ਕਿਲੋਮੀਟਰ ਜਾਣਾ ਪੈਂਦਾ ਸੀ ਦੂਰ:ਜੇਕਰ ਧਰਮਕੋਟ ਦਾ ਕੋਈ ਵਿਅਕਤੀ ਲਾਸ਼ ਰੱਖਣਾ ਚਾਹੁੰਦਾ ਸੀ ਤਾਂ ਉਸ ਨੂੰ ਕਰੀਬ 35 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਪਰ ਹੁਣ ਕਿਸੇ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ! ਜੇਕਰ ਕਿਸੇ ਦੀ ਕਿਸੇ ਵੀ ਤਰ੍ਹਾਂ ਨਾਲ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਵਿਦੇਸ਼ 'ਚ ਹੈ ਜਾਂ ਕਿਸੇ ਕਾਰਨ ਲਾਸ਼ ਨੂੰ ਕੁਝ ਦਿਨਾਂ ਲਈ ਰੱਖਣਾ ਪੈਂਦਾ ਹੈ ਤਾਂ ਹੁਣ ਉਨ੍ਹਾਂ ਨੂੰ ਜ਼ਿਆਦਾ ਦੂਰ ਨਹੀਂ ਜਾਣਾ ਪਵੇਗਾ।
ਧਰਮਕੋਟ ਦੇ ਪ੍ਰਵਾਸੀ ਭਾਰਤੀ ਲੋਕਾਂ ਦੇ ਸਹਿਯੋਗ ਨਾਲ ਬਣਾਇਆ ਗਿਆ:ਇਹ ਮ੍ਰਿਤਕ ਦੇਹ ਘਰ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਧਰਮਕੋਟ ਅਤੇ ਧਰਮਕੋਟ ਦੇ ਪ੍ਰਵਾਸੀ ਭਾਰਤੀ ਲੋਕਾਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਰੱਖੇ ਗਏ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਨੇ ਉਦਘਾਟਨ ਕੀਤਾ।
ਲਾਸ਼ ਨੂੰ ਸੰਭਾਲਣ ਲਈ ਦੂਰ-ਦੂਰ ਤੱਕ ਜਾਣਾ ਪੈਂਦਾ:ਦਵਿੰਦਰ ਸਿੰਘ ਲਾਡੀ ਢੋਸ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ 3 ਕਨਾਲ ਖੇਤਰ ਵਿੱਚ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਇਹ ਮ੍ਰਿਤਕ ਦੇਹ ਆਰਾਮ ਘਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਘਰ ਵਿੱਚ ਦੋ ਜਾਂ ਚਾਰ ਮੈਂਬਰ ਐਨਆਰਆਈ ਹਨ। ਇਸ ਲਈ ਪਹਿਲਾਂ ਜਦੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਸੀ ਤਾਂ ਕਿਸੇ ਦੀ ਲਾਸ਼ ਨੂੰ ਸੰਭਾਲਣ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਸੀ, ਪਰ ਹੁਣ ਲੋਕਾਂ ਨੂੰ ਇੱਥੇ ਥਾਂ ਮਿਲੇਗੀ!
ਸੁਸਾਇਟੀ ਦਾ ਧੰਨਵਾਦ ਕੀਤਾ: ਦਵਿੰਦਰ ਸਿੰਘ ਢੋਸ ਨੇ ਸਭ ਤੋਂ ਪਹਿਲਾਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਨੇ ਜੋ ਇਸ ਸ਼ਹਿਰ ਲਈ ਵਿਕਾਸ ਦਾ ਕੰਮ ਕੀਤਾ ਹੈ ਉਸਦੇ ਲਈ ਉਨ੍ਹਾਂ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਬਹੁਤ ਵੱਡਾ ਕੰਮ ਸੀ ਜੋ ਇਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ ਹੈ।