ਇਮਾਰਤ ਦੇ ਮਲਬੇ ਹੇਠੋਂ ਪੰਜਵੇਂ ਮਜ਼ਦੂਰ ਦੀ ਲਾਸ਼ ਬ੍ਰਾਮਦ ਰੂਪਨਗਰ: ਬੀਤੇ ਦਿਨੀਂ ਰੋਪੜ ਦੇ ਪ੍ਰੀਤ ਕਲੋਨੀ ਵਿੱਚ ਨਿਰਮਾਣ ਅਧੀਨ ਇਮਾਰਤ ਦੇ ਢਹਿ-ਢੇਰੀ ਹੋਣ ਵਾਲੇ ਹਾਦਸੇ ਵਿੱਚ ਮਲਬੇ ਥੱਲੇ 5 ਮਜ਼ਦੂਰ ਫਸ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ ਅਤੇ ਤਿੰਨ ਦੀ ਮੌਤ ਹੋ ਚੁੱਕੀ ਸੀ ਤੇ ਇੱਕ ਮਜ਼ਦੂਰ ਜਿਸ ਦੀ ਭਾਲ ਜਾਰੀ ਸੀ ਉਸ ਦੀ ਲਾਸ਼ ਵੀ ਮਿਲ ਗਈ ਹੈ।
ਮ੍ਰਿਤਕ ਮਜ਼ਦੂਰ ਅਭਿਸ਼ੇਕ : ਮਜ਼ਦੂਰ ਅਭਿਸ਼ੇਕ ਜੋ ਇਮਾਰਤ ਦੇ ਢਹਿ-ਢੇਰੀ ਹੋਣ ਕਾਰਨ ਮਲਬੇ ਹੇਠਾਂ ਆ ਗਿਆ ਸੀ ਅਤੇ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਹੁਣ ਉਸ ਦੀ ਵੀ ਲਾਸ਼ ਨੂੰ ਮਲਬੇ ਚੋਂ ਬਾਹਰ ਕੱਢ ਲਿਆ ਗਿਆ ਹੈ। ਲਾਸ਼ ਨੂੰ ਮਲਬੇ ਤੋਂ ਬਾਹਰ ਕੱਢਣ ਤੋਂ ਪਹਿਲਾਂ ਅੱਜ ਤੜਕਸਾਰ ਉਸ ਜਗ੍ਹਾ ਉੱਤੋਂ ਬਦਬੂ ਆਉਣੀ ਸ਼ੁਰੂ ਹੋ ਗਈ ਸੀ, ਜਿਸ ਜਗ੍ਹਾ ਉੱਤੇ ਅਭਿਸ਼ੇਕ ਦੀ ਉਮੀਦ ਕੀਤੀ ਜਾ ਰਹੀ ਸੀ।
ਐਨਡੀਆਰਐਫ ਨੇ ਲਾਸ਼ ਨੂੰ ਲਿਆ ਕਬਜ਼ੇ 'ਚ: ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਮਲਬੇ ਨੂੰ ਹਟਾਇਆ ਜਾ ਰਿਹਾ ਸੀ ਤਾਂ ਅਭਿਸ਼ੇਕ ਦਾ ਬੈਗ ਤੇ ਉਸ ਦੇ ਫੋਨ ਵੀ ਬਰਾਮਦ ਹੋਏ। ਅਭਿਸ਼ੇਕ ਦੀ ਲਾਸ਼ ਨੂੰ ਲੱਭਣ ਦੇ ਲਈ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ ਅਤੇ ਜਿਸ ਜਗ੍ਹਾ ਦੇ ਉੱਤੇ ਨਿਸ਼ਾਨਦੇਹੀ ਕੀਤੀ ਗਈ ਸੀ, ਉਸ ਜਗ੍ਹਾ ਦੇ ਉੱਤੋਂ ਹੀ ਐਨਡੀਆਰਐਫ ਦੀ ਟੀਮ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ।
ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਾਦਸੇ ਦੌਰਾਨ ਪੰਜ ਵਿਅਕਤੀ ਜੋ ਪ੍ਰਵਾਸੀ ਮਜ਼ਦੂਰ ਸਨ, ਇਸ ਇਮਾਰਤ ਦੇ ਢਹਿ ਢੇਰੀ ਹੋਣ ਨਾਲ ਉਸ ਵਿੱਚ ਫਸ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਹੀ ਬਚਾਇਆ ਜਾ ਸਕਿਆ ਤੇ ਉਹ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ ਅਤੇ ਇਸ ਹਾਦਸੇ ਵਿੱਚ ਕੁੱਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਬਹੁਤ ਹੀ ਮੰਦਭਾਗੀ ਘਟਨਾ ਹੈ।
ਮਕਾਨ ਮਾਲਕ ਅਤੇ ਠੇਕੇਦਾਰ ਉੱਤੇ ਮਾਮਲਾ ਦਰਜ:ਪੁਲਿਸ ਵੱਲੋਂ ਮਕਾਨ ਮਾਲਕ ਅਤੇ ਠੇਕੇਦਾਰ ਜਿਸ ਵੱਲੋਂ ਮਕਾਨ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ, ਉਸ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।