ਨਸ਼ਾ ਤਸਕਰ ਹੈਰੋਇਨ ਸਮੇਤ ਕਾਬੂ (ETV BHARAT) ਤਰਨ ਤਾਰਨ:ਪੰਜਾਬ ਪੁਲਿਸ ਨਸ਼ਾ ਖਤਮ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਪਣੀ ਪੂਰੀ ਤਾਕਤ ਲਗਾਈ ਜਾ ਰਹੀ ਹੈ। ਇਸ ਦੇ ਚੱਲਦੇ ਤਰਨ ਤਾਰਨ ਦੇ ਥਾਣਾ ਖਾਲੜਾ ਅਤੇ ਵਲਟੋਹਾ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹਾਸਿਲ ਹੋਈ, ਜਦੋਂ ਉਨ੍ਹਾਂ ਵਲੋਂ ਦੋ ਕਿਲੋ ਦੇ ਕਰੀਬ ਹੈਰੋਇਨ ਸਣੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਹੈਰੋਇਨ ਸਣੇ ਚਾਰ ਤਸਕਰ ਕਾਬੂ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਪਾਕਿਸਤਾਨ ਤੋਂ ਡ੍ਰੋਨ ਰਾਹੀ ਨਸ਼ੇ ਦੀ ਖੇਪ ਨੂੰ ਭਾਰਤ 'ਚ ਮੰਗਵਾਉਂਦੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਤਰਨਤਾਰਨ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਦੀ ਨਿਗਰਾਨੀ ਹੇਂਠ ਥਾਣਾ ਖਾਲੜਾ ਇੰਸਪੈਕਟਰ ਸਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਮਾੜੇ ਅਨਸਰਾਂ ਦੀ ਇਲਾਕੇ ਵਿੱਚ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਨੌਜਵਾਨ ਜੋ ਬਿਨਾਂ ਨੰਬਰ ਪਲੇਟ ਦੇ ਮੋਟਰ ਸਾਈਕਲ 'ਤੇ ਡ੍ਰੋਨ ਰਾਹੀ ਮੰਗਵਾਈ ਹੈਰੋਇਨ ਦੀ ਸਪਲਾਈ ਕਰਦੇ ਹਨ, ਜੋ ਅੱਜ ਪਿੰਡ ਥੇਹ ਕਲਾਂ ਨੇੜੇ ਘੁੰਮ ਰਹੇ ਹਨ।
ਡ੍ਰੋਨ ਰਾਹੀ ਪਾਕਿਸਤਾਨ ਤੋਂ ਮੰਗਵਾਉਂਦੇ ਸੀ ਖੇਪ: ਉਨ੍ਹਾਂ ਦੱਸਿਆ ਕਿ ਮੁਖਬਰ ਵਲੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਟੀਮ ਨੇ ਉਸ ਇਲਾਕੇ 'ਚ ਨਾਕਾਬੰਦੀ ਕੀਤੀ ਤਾਂ ਦੋ ਨੌਜਵਾਨ ਜੋ ਮੋਟਰਸਾਈਕਲ 'ਤੇ ਆ ਰਹੇ ਸੀ, ਉਹ ਪੁਲਿਸ ਨੂੰ ਦੇਖ ਕੇ ਰੁਕਣ ਦੀ ਥਾਂ ਪਿਛੇ ਨੂੰ ਮੁੜ ਕੇ ਭੱਜਣ ਲੱਗੇ। ਐਸਐਸਪੀ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਿਆ ਤੇ ਉਹ ਡਿੱਗ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਗੱਬਰ ਵਾਸੀ ਭੂਰਾ ਕੋਨਾ ਥਾਣਾ ਖੇਮਕਰਨ ਅਤੇ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਰਾਮੂਵਾਲ ਥਾਣਾ ਖੇਮਕਰਨ ਵਜੋਂ ਹੋਈ। ਪੁਲਿਸ ਵਲੋਂ ਉਨ੍ਹਾਂ ਦੋਵਾਂ ਦੀ ਤਲਾਸ਼ੀ ਲਈ ਗਈ ਜਿੰਨ੍ਹਾਂ ਕੋਲੋਂ 494 ਗ੍ਰਾਮ ਅਤੇ 496 ਗ੍ਰਾਮ ਜੋ ਕੁੱਲ 990 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ, ਜਿਥੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਦੋ ਕਿਲੋ ਦੇ ਕਰੀਬ ਹੈਰੋਇਨ ਹੋਈ ਬਰਾਮਦ:ਇਸੇ ਤਰ੍ਹਾਂ ਹੀ ਥਾਣਾ ਵਲਟੋਹਾ ਦੀ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ਼ੱਕੀ ਗੱਡੀ ਨੂੰ ਰੋਕ ਕੇ ਜਦੋਂ ਉਨ੍ਹਾਂ ਵਲੋਂ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਇੱਕ ਕੋਲੋਂ 502 ਗ੍ਰਾਮ ਹੈਰੋਇਨ ਜਦਕਿ ਦੂਜੇ ਵਿਅਕਤੀ ਕੋਲੋਂ 479 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦਾ ਕਿ ਕੁੱਲ ਹੈਰੋਇਨ ਦਾ 981 ਗ੍ਰਾਮ ਵਜਨ ਬਣਦਾ ਹੈ। ਪੁਲਿਸ ਵਲੋਂ ਕਾਬੂ ਕੀਤੇ ਉਕਤ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਸਿੰਘ ਅਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਉਥੇ ਹੀ ਜਦੋਂ ਮੁਲਜ਼ਮਾਂ ਨੂੰ ਬਰਾਮਦ ਹੋਈ ਹੈਰੋਇਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਾਕਿਸਤਾਨੀ ਤਸਕਰਾਂ ਤੋਂ ਡ੍ਰੋਨ ਰਾਹੀ ਇਸ ਹੈਰੋਇਨ ਨੂੰ ਮੰਗਵਾਉਂਦੇ ਸੀ। ਇਸ ਦੇ ਚੱਲਦੇ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਵਲਟੋਹਾ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।