ਸ੍ਰੀ ਮੁਕਤਸਰ ਸਾਹਿਬ:ਪੰਜਾਬ ਦੇ ਸ਼ਹਿਰ ਸ੍ਰੀ ਮੁਕਤਸਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਨੇ ਦੇਸ਼ ਦੁਨੀਆਂ 'ਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦਰਅਸਲ ਤਾਨੀਆ ਗੁਪਤਾ ਨੇ ਸੈਟੇਲਾਈਟ ਕਮਿਊਨੀਕੇਸ਼ਨ ਸੈਂਟਰ ਵਿੱਚ ਆਪਣੀ ਥਾਂ ਬਣਾਈ ਹੈ। ਇਸਰੋ 'ਚ ਸਾਇੰਟਿਸਟ ਚੁਣੇ ਜਾਣ 'ਤੇ ਜਿੱਥੇ ਪਰਿਵਾਰ ਵਾਲਿਆਂ 'ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਮੁਕਤਸਰ ਦੇ ਰਹਿਣ ਵਾਲੇ ਸਾਧੂ ਰਾਮ ਗੁਪਤਾ ਦੀ ਬੇਟੀ ਤਾਨੀਆ ਗੁਪਤਾ ਨੂੰ ਵਧਾਈ ਦੇਣ ਲਈ ਲੋਕ ਪਹੁੰਚ ਰਹੇ ਹਨ।
ਉਚੇਰੀ ਸਿੱਖਿਆ 'ਚ ਸਫਲਤਾ
ਮਾਰਚ 2016 ਵਿੱਚ 12ਵੀਂ ਦੀ ਪ੍ਰੀਖਿਆ ਵਿੱਚ ਮੈਰਿਟ 'ਚ ਸਥਾਨ ਹਾਸਿਲ ਕਰਨ ਵਾਲੀ ਤਾਨੀਆ ਨੇ ਦਿੱਲੀ ਯੂਨੀਵਰਸਿਟੀ ਤੋਂ B.Sc ਅਤੇ IIT ਦਿੱਲੀ ਤੋਂ M.Sc (ਭੌਤਿਕ ਵਿਗਿਆਨ) ਦੀ ਡਿਗਰੀ ਪਹਿਲੇ ਦਰਜੇ ਨਾਲ ਪਾਸ ਕੀਤੀ ਅਤੇ ਅਪ੍ਰੈਲ 2024 ਵਿੱਚ ਇਸਰੋ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚ ਉਸ ਨੇ ਅਪ੍ਰੈਲ 2024 ਵਿੱਚ ਇਸਰੋ ਦੁਆਰਾ ਕਰਵਾਈ ਗਈ ਭਰਤੀ ਪ੍ਰੀਖਿਆ ਵਿੱਚ ਭਾਗ ਲਿਆ ਅਤੇ ਰਾਸ਼ਟਰੀ ਪੱਧਰ 'ਤੇ 1500 ਉਮੀਦਵਾਰਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਤਾਨੀਆ ਨੇ ਜੁਲਾਈ 2024 ਵਿੱਚ ਇਹਨਾਂ 10 ਚੁਣੇ ਹੋਏ ਪ੍ਰਤੀਭਾਗੀਆਂ ਦੀ ਇੰਟਰਵਿਊ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ।
ਜਿਸ ਤੋਂ ਬਾਅਦ ਹੁਣ ਤਾਨੀਆ ਗੁਪਤਾ ਨੂੰ ਇਸਰੋ ਵੱਲੋਂ ਯੂ.ਆਰ. ਰਾਉ ਸੈਟੇਲਾਈਟ ਸੈਂਟਰ ਵਿੱਖ ਬਤੌਰ ਵਿਗਿਆਨੀ ਚੁਣਿਆ ਗਿਆ ਹੈ। ਇਸ ਮੌਕੇ ਤਾਨੀਆ ਦੇ ਗਾਈਡ ਅਧਿਆਪਕ ਪਰਵਿਸ਼ਾ ਸੇਤੀਆ ਅਤੇ ਸੰਤੋਸ਼ ਕੁਮਾਰੀ ਦੇ ਨਾਲ ਬਬੀਤਾ, ਸ਼ਮਿੰਦਰ ਬੱਤਰਾ, ਵਿਵੇਕ ਜੈਨ, ਅਮਿਤ ਕੁਮਾਰ, ਰਮਨ ਕੁਮਾਰ, ਅੰਕੁਸ਼ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।