ਚੰਡੀਗੜ੍ਹ: ਇੱਕ ਪਾਸੇ ਲੋਕ ਸਭਾ ਚੋਣਾਂ ਤਾਂ ਦੂਜੇ ਪਾਸੇ ਦੇਰ ਰਾਤ ਈਡੀ ਵਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੇ ਸਿਆਸਤ ਦਾ ਪਾਰਾ ਸਿਖਰਾਂ 'ਤੇ ਕਰ ਦਿੱਤਾ ਹੈ। ਇਸ ਨੂੰ ਲੈਕੇ ਜਿਥੇ ਦੇਸ਼ ਵਿਆਪੀ 'ਆਪ' ਅਤੇ ਕਾਂਗਰਸ ਵਲੋਂ ਮਿਲ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਭਾਜਪਾ ਵਲੋਂ ਇਸ ਨੂੰ ਕਾਨੂੰਨੀ ਪ੍ਰਕਿਰਿਆ ਦੱਸਿਆ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਇਸ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਗਏ ਹਨ।
ਭਗਵੰਤ ਮਾਨ ਨੇ ਜੋਤਿਸ਼ ਦਾ ਕਾਰੋਬਾਰ ਕੀਤਾ ਸ਼ੁਰੂ:ਇਸ ਦੌਰਾਨ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਦਾ ਦੇਸ਼ ਵਿਆਪੀ ਅਸਰ ਤਾਂ ਹੋਵੇਗਾ ਹੀ ਪਰ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਪਵੇਗਾ। ਸੁਨੀਲ ਜਾਖੜ ਨੇ ਭਗਵੰਤ ਮਾਨ ਦੇ ਗੀਤ ਗਾਉਂਦੇ ਦੀ ਵੀਡੀਓ ਵੀ ਦਿਖਾਈ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਕੱਲ੍ਹ ਆਪਣੇ ਦੋਸਤਾਂ ਨਾਲ ਇਹ ਗੀਤ ਗਾਇਆ ਸੀ। ਕਲਾਕਾਰ ਹੋਣ ਦੇ ਨਾਲ-ਨਾਲ ਭਗਵੰਤ ਮਾਨ ਨੇ ਜੋਤਿਸ਼ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਜੋ ਗੀਤ ਗਾਇਆ ਸੀ ਉਹ ਸੱਚ ਹੋ ਗਿਆ। ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਮਾਨ ਨੇ ਕੱਲ੍ਹ ਗੀਤ ਗਾਇਆ ਸੀ ਤੇ ਉਸ ਤੋਂ ਬਾਅਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਈ ਸੀ, ਉਸ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ।
ਭਗਵੰਤ ਮਾਨ ਤੇ ਰਾਘਵ ਚੱਢਾ ਨੂੰ ਪਹਿਲਾਂ ਹੀ ਸੀ ਅਹਿਸਾਸ:ਸੁਨੀਲ ਜਾਖੜ ਨੇ ਕਿਹਾ ਕਿ ਇਹ ਅਹਿਸਾਸ ਸਿਰਫ਼ ਭਗਵੰਤ ਮਾਨ ਨੂੰ ਹੀ ਨਹੀਂ ਸੀ, ਸਗੋਂ ਰਾਘਵ ਚੱਢਾ ਨੂੰ ਵੀ ਇਹ ਅਹਿਸਾਸ ਹੋਇਆ ਸੀ। ਰਾਘਵ ਚੱਢਾ ਲੰਡਨ ਗਏ ਹੋਏ ਹਨ, ਦੱਸਿਆ ਗਿਆ ਕਿ ਉਹ ਅੱਖਾਂ ਦੇ ਅਪਰੇਸ਼ਨ ਲਈ ਉਥੇ ਗਏ ਸਨ ਪਰ ਉਨ੍ਹਾਂ ਦਾ ਮਕਸਦ ਕੁਝ ਹੋਰ ਸੀ। ਇਹ ਸਾਰੇ ਲੋਕ ਜਾਣਦੇ ਸਨ ਕਿ ਕੇਜਰੀਵਾਲ ਗ੍ਰਿਫਤਾਰ ਹੋਣ ਵਾਲਾ ਹੈ। ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਜੀ ਨੇ ਕੱਲ੍ਹ ਇੱਕ ਟਵੀਟ ਜ਼ਰੂਰ ਕੀਤਾ ਸੀ, ਪਰ ਇਸ ਤੋਂ ਪਹਿਲਾਂ ਉਹ ਅਕਸਰ ਵੀਡੀਓਜ਼ ਜਾਰੀ ਕਰਦੇ ਰਹਿੰਦੇ ਹਨ। ਕੱਲ੍ਹ ਸ਼ਾਮ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਬਿਆਨ ਜਾਰੀ ਕੀਤੇ ਹਨ, ਪਰ ਭਗਵੰਤ ਮਾਨ ਅਤੇ ਹਰਪਾਲ ਚੀਮਾ ਗਾਇਬ ਸਨ।
ਪੰਜਾਬ 'ਚ ਦਿੱਲੀ ਮਾਡਲ ਹੈ ਲਾਗੂ: ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਇੱਕ ਦੇ ਘਰ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਦੂਜੇ ਦੇ ਘਰੋਂ ਪੇਪਰ ਕਲੀਅਰ ਹੋ ਰਹੇ ਸਨ। ਜਿਸ ਸ਼ਰਾਬ ਨੀਤੀ ਕਾਰਨ ਅੱਜ ਕੇਜਰੀਵਾਲ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਹੀ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ, ਕੇਜਰੀਵਾਲ ਦੇ ਚਹੇਤੇ ਹੀ ਸਰਕਾਰ ਚਲਾ ਰਹੇ ਸਨ। ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਇੱਕ ਤੋਂ ਛੁਟਕਾਰਾ ਪਾ ਲਿਆ ਹੈ ਅਤੇ ਬਾਕੀਆਂ ਤੋਂ ਵੀ ਖਹਿੜਾ ਛੁਡਣਾ ਲੈਣਗੇ।
ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ: ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦਾ ਵਫ਼ਦ ਭਲਕੇ 12 ਵਜੇ ਚੋਣ ਕਮਿਸ਼ਨ ਕੋਲ ਜਾਵੇਗਾ, ਅਤੇ ਆਬਕਾਰੀ ਨੀਤੀ ਕਾਰਨ ਦਿੱਲੀ ਦੇ ਕਈ ਮੰਤਰੀ ਅਤੇ ਆਗੂ ਜੇਲ੍ਹਾਂ ਵਿੱਚ ਬੈਠੇ ਹਨ, ਉਹੀ ਨੀਤੀ ਪੰਜਾਬ ਵਿੱਚ ਲਾਗੂ ਕੀਤੀ ਗਈ ਹੈ। ਪੰਜਾਬ ਵਿੱਚ ਵੀ ਇਸ ਮਾਮਲੇ ਵਿੱਚ ਈਡੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਦੇ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਵੀ ਇਸ ਮਾਮਲੇ ਵਿੱਚ ਇਕੱਠੇ ਹੋਣਾ ਚਾਹੀਦਾ ਹੈ। ਕਈ ਕਾਂਗਰਸੀ ਆਗੂਆਂ ਨੇ ਵੀ ਇਸ ਮਾਮਲੇ ਵਿੱਚ ਈਡੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੀ ਕੋਠੀ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਘਰਾਂ ਨੂੰ ਸੀਲ ਕਰਕੇ ਜਾਂਚ ਕੀਤੀ ਜਾਵੇ।
ਭਗਵੰਤ ਮਾਨ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼: ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਅੱਜ ਕਾਂਗਰਸੀ ਆਗੂ ਬਿਆਨ ਦੇ ਰਹੇ ਹਨ ਕਿ ਸਰਕਾਰ ਧੱਕਾ ਕਰ ਰਹੀ ਹੈ ਤਾਂ ਕੀ ਭਗਵੰਤ ਮਾਨ ਉਨ੍ਹਾਂ ਖਿਲਾਫ ਜੋ ਕਾਰਵਾਈ ਕਰ ਰਹੇ ਸਨ, ਕੀ ਉਹ ਸਹੀ ਹੈ। ਜੇਕਰ ਭਗਵੰਤ ਮਾਨ ਅਤੇ ਇਹ ਕਾਂਗਰਸੀ ਲੋਕ ਭਗਵੰਤ ਮਾਨ ਨੂੰ ਚੋਣਾਂ ਜਿੱਤਣ ਲਈ ਕਲੀਨ ਚਿੱਟ ਦੇਣਾ ਚਾਹੁੰਦੇ ਹਨ ਤਾਂ ਦੋਗਲਾ ਚਿਹਰਾ ਨਹੀਂ ਚੱਲੇਗਾ। ਕੀ ਅੱਜ ਮੁਹਾਲੀ ਵਿੱਚ ਹੋ ਰਹੇ ਧਰਨੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਵੀ ਸ਼ਾਮਲ ਹੋਣਗੇ? ਕਿਉਂਕਿ ਪਹਿਲੀ ਜਾਂਚ ਦਾ ਸੇਕ ਉਨ੍ਹਾਂ 'ਤੇ ਹੀ ਪਵੇਗਾ।
ਇਮਾਨਦਾਰ ਕਹਿਣ ਵਾਲੇ ਕੱਟੜ ਬੇਈਮਾਨ: ਉਥੇ ਹੀ ਨਿਸ਼ਾਨਾ ਸਾਧਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਆਪਣੀ ਪਾਰਟੀ ਵਿੱਚ ਕੋਈ ਆਮ ਆਦਮੀ ਮਹਿਸੂਸ ਨਹੀਂ ਹੁੰਦਾ, ਇਸ ਲਈ ਪਾਰਟੀ ਵਿੱਚ ਜੀ ਹਜ਼ੂਰੀ ਕਰਨ ਵਾਲੇ ਲੋਕਾਂ ਨੂੰ ਹੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਚਰਚਾ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਸੀਐਮ ਬਣਾਇਆ ਜਾਣਾ ਚਾਹੀਦਾ ਹੈ, ਹੁਣ ਉਨ੍ਹਾਂ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਮੁੱਖ ਮੰਤਰੀ ਬਣੇ ਰਹਿਣਗੇ। ਜਾਖੜ ਨੇ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਕੱਟੜ ਬੇਈਮਾਨ ਹਨ। ਇਹ ਪਾਰਟੀ ਇੰਡੀਆ ਅਗੇਂਸਟ ਕਰੱਪਸ਼ਨ ਤੋਂ ਪੈਦਾ ਹੋਈ ਸੀ।
ਮੁੱਖ ਮੰਤਰੀ ਦੇ ਅਹੁਦੇ 'ਤੇ ਕਲੰਕ:ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਮੈਂ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਈਡੀ ਨੂੰ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਨੂੰ ਅਸਤੀਫਾ ਦੇਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ,ਪਰ ਅਰਵਿੰਦ ਕੇਜਰੀਵਾਲ ਨੇ ਅਜਿਹਾ ਨਹੀਂ ਕੀਤਾ, ਇਹ ਕਲੰਕ ਉਨ੍ਹਾਂ 'ਤੇ ਹੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਇੰਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੀ ਹੈ।ਇਸ ਨਾਅਰੇ ਨਾਲ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਨਾਅਰੇ ਦੀ ਬੇਅਦਬੀ ਸਮਝੀ ਜਾਣੀ ਚਾਹੀਦੀ ਹੈ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।