ਤਰਨ ਤਾਰਨ:ਅਮਰੀਕਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਇਸ ਵਾਰ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਮਰਦਾਂ ਨੂੰ ਹੱਥਕੜੀ ਲਗਾ ਕੇ ਸ਼ਨੀਵਾਰ ਰਾਤ 11.30 ਵਜੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਵਿੱਚ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ। ਹਵਾਈ ਅੱਡੇ 'ਤੇ ਕਰੀਬ 5 ਘੰਟੇ ਦੀ ਪੜਤਾਲ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ। ਡਿਪੋਰਟ ਭਾਰਤੀਆਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ ਨੌਜਵਾਨ ਸੁਖਚੈਨ ਸਿੰਘ ਵੀ ਸ਼ਾਮਲ ਹੈ।
ਪਰਿਵਾਰ ਨੇ ਦੱਸਿਆ ਹਾਲ
ਸੁਖਚੈਨ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਸੁਖਚੈਨ ਸਿੰਘ ਨੂੰ ਢਾਈ ਸਾਲ ਪਹਿਲਾਂ 22 ਲੱਖ ਲਗਾਕੇ ਇੰਗਲੈਂਡ ਭੇਜਿਆ ਸੀ ਅਤੇ ਉੱਥੇ ਉਹ ਵਧੀਆ ਕੰਮ ਕਰ ਰਿਹਾ ਸੀ। ਪਰ ਇਸੇ ਦੌਰਾਨ ਉਸ ਨੂੰ ਇੱਕ ਏਜੰਟ ਨੇ ਆਪਣੇ ਝਾਂਸੇ ਵਿੱਚ ਲੈ ਲਿਆ ਤੇ 22 ਲੱਖ ਰੁਪਏ ਲੈ ਕੇ ਸੁਖਚੈਨ ਸਿੰਘ ਨੂੰ ਇੰਗਲੈਂਡ ਤੋਂ ਮੈਕਸੀਕੋ ਅਤੇ ਫਿਰ ਮੈਕਸੀਕੋ ਤੋਂ ਅਮਰੀਕਾ ਭੇਜ ਦਿੱਤਾ। ਅਮਰੀਕਾ ਵਿੱਚ ਦਾਖਲ ਹੋਣ ਤੋਂ ਬਾਅਦ ਸਾਨੂੰ ਸੁਖਚੈਨ ਸਿੰਘ ਦੇ ਫੋਨ ਆਉਣੇ ਬੰਦ ਹੋ ਗਏ ਤੇ ਹੁਣ ਅਮਰੀਕਾ ਸਰਕਾਰ ਨੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ।