ਲੁਧਿਆਣਾ: ਅੱਜ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ, ਜਿਸ ਵਿੱਚ ਪਰਾਲੀ ਅਤੇ ਝੋਨੇ ਦੇ ਮੁੱਦਿਆਂ 'ਤੇ ਗੱਲਬਾਤ ਹੋਈ। ਇਸ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸਾਨਾਂ ਦੇ ਮਾਮਲਿਆਂ 'ਤੇ ਵਿਉਤਬੰਦੀ ਕੀਤੀ ਗਈ ਹੈ। ਜਿਸ ਵਿੱਚ ਉਹਨਾਂ ਖਾਸ ਜ਼ਿਕਰ ਕੀਤਾ ਕਿ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ ਅਤੇ ਇਸ ਨੂੰ ਲੈ ਕੇ ਸੂਬਾ ਸਰਕਾਰ ਫੇਲ੍ਹ ਸਾਬਤ ਹੋਈ ਹੈ।
ਲੁਧਿਆਣਾ 'ਚ ਹੋਈ ਐਸਕੇਐਮ ਦੀ ਬੈਠਕ (ETV BHARAT) ਮੰਡੀਆਂ 'ਚ ਕਿਸਾਨ ਹੋ ਰਹੇ ਖੱਜਲ-ਖੁਆਰ
ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਵਿੱਚ ਅਜਿਹਾ ਨਹੀਂ ਹੋਇਆ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਖੱਜਲ-ਖੁਆਰ ਹੋਣਾ ਪਿਆ ਅਤੇ ਉਹਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿੱਚ ਘੱਟ ਪੈਸਿਆਂ 'ਤੇ ਝੋਨਾ ਵੇਚਣਾ ਪਿਆ ਹੋਵੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ ਉਹਨਾਂ ਵੱਲੋਂ 7 ਤਰੀਕ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਘਰ ਵੱਲ ਚਾਲੇ ਪਾਏ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਉਹਨਾਂ ਵੱਲੋਂ ਮੀਟਿੰਗ ਕੀਤੀ ਜਾਵੇਗੀ। ਹਾਲਾਂਕਿ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਕੋਈ ਵੀ ਸਮਾਂ ਨਹੀਂ ਦਿੱਤਾ ਪਰ ਉਹ ਆਪਣੇ ਪੱਧਰ 'ਤੇ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਲੀਡਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।
ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕਰਨਗੇ ਕੂਚ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬੈਠਕ ਹੋਈ ਹੈ। ਜਿਸ ਵਿੱਚ 20 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਏਜੰਡਾ ਝੋਨੇ ਦੀ ਚੁਕਾਈ ਨੂੰ ਲੈ ਕੇ ਹੈ, ਜੋ ਹਾਲੇ ਤੱਕ ਮੰਡੀਆਂ ਵਿੱਚ ਨਹੀਂ ਹੋ ਰਹੀ ਅਤੇ ਸਮੇਂ ਦੀ ਸਰਕਾਰ ਝੋਨੇ ਦੀ ਚੁਕਾਈ ਨੂੰ ਲੈਕੇ ਫੇਲ੍ਹ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਮੰਡੀਆਂ ਦੇ ਵਿੱਚ ਬੇਸ਼ੱਕ ਲੇਬਰ ਵੀ ਪਰੇਸ਼ਾਨ ਹੈ ਪਰ ਇਸ ਨੂੰ ਲੈ ਕੇ ਸਰਕਾਰ ਨੂੰ ਸੰਜੀਦਾ ਹੋਣ ਦੀ ਜ਼ਰੂਰਤ ਹੈ।
ਕੇਂਦਰ ਅਤੇ ਪੰਜਾਬ ਸਰਕਾਰ 'ਚ ਤਾਲਮੇਲ ਦੀ ਕਮੀ
ਕਿਸਾਨ ਆਗੂ ਨੇ ਜ਼ਿਕਰ ਕੀਤਾ ਕਿ ਕਿਸਾਨ ਆਪਣਾ ਝੋਨਾ ਹਰਿਆਣਾ ਦੇ ਵਿੱਚ ਸਸਤੇ ਭਾਅ 'ਤੇ ਵੇਚਣ ਨੂੰ ਮਜਬੂਰ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਇੱਕ-ਇੱਕ ਦਾਣਾ ਸਰਕਾਰ ਚੁੱਕੇ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਹ ਸੱਤ ਅਕਤੂਬਰ ਨੂੰ ਮੁੱਖ ਮੰਤਰੀ ਦੇ ਘਰ ਨੂੰ ਚਾਲੇ ਪਾਉਣਗੇ ਅਤੇ ਇੱਕ ਡੈਪੂਟੇਸ਼ਨ ਦੇ ਜਰੀਏ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਕੇਂਦਰ ਸਰਕਾਰ 'ਤੇ ਵੀ ਵੱਡਾ ਹਮਲਾ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਆਪਸੀ ਤਾਲਮੇਲ ਨਹੀਂ ਹੋ ਪਾ ਰਿਹਾ ਪਰ ਇਸੇ ਵਿਚਾਲੇ ਸੂਬਾ ਸਰਕਾਰ ਕੋਈ ਸਖਤ ਐਕਸ਼ਨ ਲੈ ਕੇ ਕਿਸਾਨਾਂ ਦੇ ਇਸ ਮਸਲੇ ਨੂੰ ਹੱਲ ਕਰੇ।