ਬਰਨਾਲਾ:ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅਲੱਗ ਅਲੱਗ ਪਾਰਟੀਆਂ ਨੇ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਮਣੀ ਚੋਣ ਨੂੰ ਲੈ ਕੇ ਲਾਮਬੰਦੀ ਕਰ ਦਿੱਤੀ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਰਨਾਲਾ ਵਿਖੇ ਯੂਥ ਵਿੰਗ ਦੀਆਂ ਜ਼ਿਲ੍ਹੇ ਅਤੇ ਵਿਧਾਨ ਸਭਾ ਪੱਧਰ ਦੀਆਂ ਕਮੇਟੀਆਂ ਬਣਾਈਆਂ ਗਈਆਂ ਅਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਪਾਰਟੀ ਆਗੂਆਂ ਨੇ ਕਿਹਾ ਕਿ ਜਿਮਨੀ ਚੋਣ ਨੂੰ ਲੈ ਕੇ ਉਹਨਾਂ ਵਿੱਚ ਪੂਰਾ ਉਤਸਾਹ ਹੈ ਅਤੇ ਪਾਰਟੀ ਬਰਨਾਲਾ ਦੀ ਜ਼ਿਮਨੀ ਚੋਣ ਨੂੰ ਵੱਡੀ ਲੀਡ ਨਾਲ ਜਿੱਤੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸੂਬਾ ਰੇਤ ਆਗੂ ਗੁਰਪ੍ਰੀਤ ਸਿੰਘ ਖੁੱਡੀ ਅਤੇ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਉਹਨਾਂ ਦੀ ਪਾਰਟੀ ਦੀ ਪੂਰੀ ਤਰ੍ਹਾਂ ਤਿਆਰੀ ਹੈ। ਬਰਨਾਲਾ ਦੀ ਜ਼ਿਮਨੀ ਚੋਣ ਵੀ ਪੂਰੇ ਜੋਸ਼ ਤੇ ਅਤੇ ਉਤਸ਼ਾਹ ਨਾਲ ਪਾਰਟੀ ਵੱਲੋਂ ਲੜੀ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਨੌਜਵਾਨਾਂ ਦੀਆਂ 21 ਮੈਂਬਰੀ ਕਮੇਟੀਆਂ ਬਣਾਈਆਂ ਗਈਆਂ ਹਨ। ਇਸੇ ਤਹਿਤ ਅੱਜ ਨੌਜਵਾਨਾਂ ਨੂੰ ਜ਼ਿਲ੍ਹੇ ਤੋਂ ਲੈ ਕੇ ਹਲਕਾ ਪੱਧਰ ਤੱਕ ਨਿਯੁਕਤੀ ਪੱਤਰ ਵੰਡੇ ਗਏ ਹਨ।