ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਆਰਟ ਥੀਏਟਰ ਦੇ ਸਹਿਯੋਗ ਨਾਲ ਇੱਥੇ ਆਮ ਖਾਸ ਬਾਗ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਵਾਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਭਾ ਦੀ ਪਹਿਲੀ ਸ਼ਾਮ ਮੌਕੇ ਕਰਵਾਏ ਮਹਾਂ ਨਾਟਕ 'ਜਿੰਦਾਂ ਨਿੱਕੀਆਂ' ਦੀ ਵਿਲੱਖਣ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ।
ਸਾਈਟ ਐਂਡ ਸਾਊਂਡ ਸ਼ੋਅ 'ਜਿੰਦਾਂ ਨਿੱਕੀਆਂ' (ETV BHARAT ( ਪੱਤਰਕਾਰ,ਸ੍ਰੀ ਫਤਹਿਗੜ੍ਹ ਸਾਹਿਬ)) ਨਾਟਕ ਨੇ ਕੀਤਾ ਸਭ ਨੂੰ ਭਾਵੁਕ
ਸੰਗਤ ਨੇ ਜੈਕਾਰਿਆਂ ਦੀ ਗੂੰਜ ਨਾਲ ਭਾਵੁਕਤਾ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਸਵਰਗੀ ਡਾ. ਹਰਚਰਨ ਸਿੰਘ ਲਾਟਾ ਵੱਲੋਂ ਲਿਖਤ ਨਾਟਕ 'ਤੇ ਅਧਾਰਤ ਅਤੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਸ. ਹਰਬਖ਼ਸ਼ ਸਿੰਘ ਲਾਟਾ ਦੀ ਨਿਰਦੇਸ਼ਨਾਂ ਹੇਠ ਸਾਈਟ ਐਂਡ ਸਾਊਂਡ ਸ਼ੋਅ 'ਜਿੰਦਾਂ ਨਿੱਕੀਆਂ' 'ਚ ਖ਼ਾਲਸਾ ਪੰਥ ਦੀ ਸਾਜਨਾ ਸਮੇਤ ਪਰਿਵਾਰ ਵਿਛੋੜੇ ਤੋਂ ਲੈਕੇ ਚਪੜ ਚਿੜੀ ਤੱਕ ਦੇ ਇਤਿਹਾਸ ਨੂੰ ਦਿਲਕਸ਼ ਤੇ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈ। ਆਮ ਖਾਸ ਬਾਗ ਵਿਖੇ ਪੇਸ਼ ਕੀਤੇ ਗਏ ਇਸ ਸ਼ੋਅ ਦੌਰਾਨ ਸਰਦ ਰੁੱਤ ਦੇ ਬਾਵਜੂਦ ਦੂਰੋਂ-ਦੂਰੋਂ ਪੁੱਜੇ ਸ਼ਰਧਾਲੂਆਂ ਤੋਂ ਇਲਾਵਾ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਨੇ ਵੀ ਇਸ ਮਹਾਂ ਨਾਟਕ ਨੂੰ ਭਾਵੁਕਤਾ ਨਾਲ ਦੇਖਿਆ।
ਮਹਾਂ ਨਾਟਕ ਦੀ ਪੇਸ਼ਕਾਰੀ
ਨਾਟਕ ਦੇਖਣ ਉਪਰੰਤ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਅਜਿਹੇ ਇਤਿਹਾਸਕ ਨਾਟਕ ਅਜੌਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਅਤੇ ਇਨ੍ਹਾਂ ਨਾਟਕਾਂ ਨਾਲ ਜਿਥੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ, ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਦਾ ਮੌਕਾ ਵੀ ਮਿਲਦਾ ਹੈ। ਉਨ੍ਹਾਂ ਇਤਿਹਾਸਕ ਨਾਟਕ " ਜਿੰਦਾਂ ਨਿੱਕੀਆਂ" ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਹਰਬਖ਼ਸ਼ ਸਿੰਘ ਲਾਟਾ ਨੇ ਦੱਸਿਆ ਕਿ ਇਸ ਸ਼ੋਅ ਵਿੱਚ 25 ਉੱਘੇ ਅਤੇ ਨਿਪੁੰਨ ਕਲਾਕਾਰਾਂ ਨੇ ਹਿੱਸਾ ਲਿਆ ਹੈ ਅਤੇ ਇਸ ਦੇ ਦੇਸ਼ ਤੇ ਵਿਦੇਸ਼ਾਂ ਵਿੱਚ ਹੁਣ ਤੱਕ 200 ਤੋਂ ਵਧੇਰੇ ਸ਼ੋਅ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 1999 'ਚ ਸਿੱਖ ਇਤਿਹਾਸ ਨੂੰ ਰੂਪਮਾਨ ਕਰਦਿਆਂ ਬੋਲੇ ਸੋ ਨਿਹਾਲ ਮਹਾਂ ਨਾਟਕ ਦੀ ਪੇਸ਼ਕਾਰੀ ਕੀਤੀ ਸੀ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਡਾ. ਹਰਚਰਨ ਸਿੰਘ ਲਾਟਾ ਦੇ ਲਿਖੇ ਨਾਟਕ, ਚਮਕੌਰ ਦੀ ਗੜ੍ਹੀ, ਸਰਹਿੰਦ ਦੀ ਕੰਧ ਤੇ ਜਫ਼ਰਨਾਮਾ ਵੀ ਬਹੁਤ ਮਕਬੂਲ ਹੋਏ ਹਨ,ਇਸ ਸਾਈਟ ਐਂਡ ਸਾਊਂਡ ਸ਼ੋਅ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਸ਼ਹਾਦਤ, ਗੁਰੂ ਜੀ ਵੱਲੋਂ ਔਰੰਗਜੇਬ ਨੂੰ ਲਿਖੇ ਜਿੱਤ ਦੇ ਪੱਤਰ 'ਜਫ਼ਰਨਾਮਾ', ਸਰਹਿੰਦ ਫ਼ਤਹਿ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਣ ਤੇ ਚਪੜ ਚਿੜੀ ਦੀ ਜੰਗ ਆਦਿ ਦੇ ਇਤਿਹਾਸ ਨੂੰ ਦਿਲਕਸ਼ ਤੇ ਖੂਬਸੂਰਤੀ ਨਾਲ ਸੰਗਤ ਸਾਹਮਣੇ ਰੂਪਮਾਨ ਕੀਤਾ ਗਿਆ ਹੈ।