ਭਾਜਪਾ ਆਗੂ ਆਪਣਾ ਪੱਖ ਰੱਖਦਾ ਹੋਇਆ ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਸਰਕਾਰ ਅਯੁੱਧਿਆ 'ਚ ਸ਼੍ਰੀ ਰਾਮਲਲਾ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੇ ਮੌਕੇ 'ਤੇ ਛੁੱਟੀ ਦਾ ਐਲਾਨ ਨਾ ਕਰਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਮੇਤ ਕਈ ਰਾਜਾਂ ਵਿੱਚ ਛੁੱਟੀ ਐਲਾਨੀ ਗਈ ਸੀ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਸੀ।
ਅਕਾਲੀ ਦਲ ਨੇ ਸਾਧਿਆ ਨਿਸ਼ਾਨਾ:ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਰਾਮ ਜਨਮ ਭੂਮੀ ਵਿਖੇ ਧਾਰਮਿਕ ਸ਼ਰਧਾ ਦੇ ਸਤਿਕਾਰ ਵਜੋਂ ਮਨਾਏ ਜਾਣ ਵਾਲੇ ਇਤਿਹਾਸਕ-ਧਾਰਮਿਕ ਮੌਕੇ 'ਤੇ ਬੀਤੇ ਦਿਨ ਪੰਜਾਬ ਵਿੱਚ ਛੁੱਟੀ ਨਾ ਕਰਕੇ ਹਿੰਦੂ ਭੈਣਾਂ-ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਇਹ ਉਹੀ ਮੁੱਖ ਮੰਤਰੀ ਹੈ ਜੋ ਸਿਆਸੀ ਰੈਲੀਆਂ ਲਈ ਆਪਣੇ ਅਤੇ ਆਪਣੇ ਬੌਸ ਦੀ ਬੱਲੇ-ਬੱਲੇ ਕਰਵਾਉਣ ਲਈ ਸਕੂਲ ਤੱਕ ਬੰਦ ਕਰਵਾ ਦਿੰਦੇ ਹਨ।
ਐਕਸ 'ਤੇ ਸੁਖਬੀਰ ਬਾਦਲ ਨੇ ਕੀਤਾ ਟਵੀਟ: ਕੱਲ੍ਹ ਸ਼੍ਰੀ ਰਾਮ ਜਨਮ ਭੂਮੀ 'ਤੇ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਿਕ-ਧਾਰਮਿਕ ਅਵਸਰ ਉੱਤੇ ਹਿੰਦੂ ਭਾਈਚਾਰੇ ਦੀ ਧਾਰਮਿਕ ਸ਼ਰਧਾ ਦੇ ਸਤਿਕਾਰ ਵੱਜੋਂ ਪੰਜਾਬ ਵਿੱਚ ਛੁੱਟੀ ਨਾ ਕਰਕੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਦੂ ਵੀਰਾਂ ਭੈਣਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ। ਇਹ ਉਹੀ ਮੁੱਖ ਮੰਤਰੀ ਹੈ ਜੋ ਸਿਆਸੀ ਰੈਲੀਆਂ ਵਿੱਚ ਆਪਣੀ ਤੇ ਆਪਣੇ ਆਕਾ ਦੀ ਬੱਲੇ ਬੱਲੇ ਕਰਾਉਣ ਲਈ ਸਕੂਲ ਤੱਕ ਵੀ ਬੰਦ ਕਰਵਾ ਦਿੰਦਾ ਹੈ। ਦਰਅਸਲ, ਇਹ ਲੋਕ ਹਰ ਪਾਸੇ ਮਹਾਂਪੁਰਖਾਂ ਦੀ ਥਾਂ ਸਿਰਫ਼ ਆਪਣਾ ਹੀ ਚਿਹਰਾ ਦੇਖਣਾ ਪਸੰਦ ਕਰਦੇ ਹਨ ਤੇ ਸਭ ਧਰਮਾਂ ਦਾ ਨਿਰਾਦਰ ਕਰਦੇ ਹਨ। ਕੱਲ੍ਹ ਵੀ ਆਪੇ ਵਿੱਚ ਮਸਤ ਭਗਵੰਤ ਮਾਨ ਵੱਲੋਂ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨ ਲਈ ਉਸਨੂੰ ਸਮੂਹ ਪੰਜਾਬੀਆਂ ਅਤੇ ਖ਼ਾਸ ਕਰਕੇ ਹਿੰਦੂ ਵੀਰਾਂ-ਭੈਣਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਮਜੀਠੀਆ ਨੇ ਵੀ ਆਖੀ ਇਹ ਗੱਲ:ਇਸ ਦੇ ਨਾਲ ਹੀ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆ ਨੇ ਸਰਕਾਰ 'ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਵੀ ਲਗਾਇਆ। ਮਜੀਠੀਆ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਹਿੰਦੂ ਬਹੁਗਿਣਤੀ ਵਾਲਾ ਦੇਸ਼ ਹੈ। ਸੁਪਰੀਮ ਕੋਰਟ ਤੋਂ ਇਹ ਫੈਸਲਾ ਆਇਆ ਅਤੇ ਕੱਲ੍ਹ ਮੰਦਰ ਵਿੱਚ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਹੋਈ। ਰਾਮ ਲੱਲਾ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਸੀ। ਸਰਕਾਰਾਂ ਦਾ ਕੰਮ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ। ਇਹ ਗਲਤ ਹੋਇਆ। ਜੋ ਕਰਮਚਾਰੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ, ਉਹ ਵਾਂਝੇ ਰਹਿ ਗਏ ਪਰ ਮੁੱਖ ਮੰਤਰੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਵਿੱਚ ਅਸਫਲ ਰਹੇ।
ਇਸ਼ਤਿਹਾਰ ਦੀ ਸਰਕਾਰ ਨੇ ਨਹੀਂ ਦਿੱਤਾ ਕੋਈ ਖੁਸ਼ੀ ਦਾ ਸੁਨੇਹਾ:ਉਥੇ ਹੀ ਭਾਜਪਾ ਵਲੋਂ ਵੀ ਸਰਕਾਰ ਨੂੰ ਘੇਰਿਆ ਗਿਆ। ਜਿਸ 'ਤੇ ਬੋਲਦਿਆਂ ਭਾਜਪਾ ਬੁਲਾਰੇ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਸਟੇਜਾਂ ਤੋਂ ਬਹੁਤ ਹੱਸ-ਹੱਸ ਕੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਦੇ ਹਨ ਪਰ ਜਦੋਂ ਅਸਲ ਖੁਸ਼ੀਆਂ ਦਾ ਸਮਾਂ ਸੀ ਤਾਂ ਮੁੱਖ ਮੰਤਰੀ ਮਾਨ ਦੇ ਚਿਹਰੇ ਤੋਂ ਹਾਸਾ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਟਵੀਟ ਜਾਂ ਸੁਨੇਹਾ ਦੇਕੇ ਰਾਮ ਭਗਤਾਂ ਨੂੰ ਵਧਾਈ ਤੱਕ ਨਹੀਂ ਦਿੱਤੀ ਗਈ ਅਤੇ ਨਾ ਹੀ ਅਦਾਰਿਆਂ 'ਚ ਛੁੱਟੀ ਕੀਤੀ ਗਈ, ਜਦਕਿ ਬਾਕੀ ਸੂਬਿਆਂ 'ਚ ਛੁੱਟੀ ਸੀ। ਉਨ੍ਹਾਂ ਕਿਹਾ ਕਿ ਛੋਟੀ-ਛੋਟੀ ਗੱਲ ਤੋਂ ਦੇਸ਼ ਭਰ 'ਚ ਇਸ਼ਤਿਹਾਰ ਦੇਣ ਵਾਲ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਕਿਸੇ ਵੀ ਇੱਕ ਅਖਬਾਰ 'ਚ ਇਸ਼ਤਿਹਾਰ ਤੱਕ ਨਹੀਂ ਦਿੱਤਾ ਗਿਆ। ਭਾਜਪਾ ਆਗੂ ਨੇ ਕਿਹਾ ਕਿ ਜਿਥੇ ਬਾਕੀ ਪੰਜਾਬੀਆਂ ਨੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਤਾਂ ਉਥੇ ਹੀ ਤੁਸੀਂ ਆਪਣਾ ਹੇਠਲੇ ਪੱਧਰ ਦਾ ਕਿਰਦਾਰ ਦਿਖਾਇਆ ਹੈ।