ਵੋਟਿੰਗ ਦੌਰਾਨ ਜਲੰਧਰ 'ਚ ਹੰਗਾਮਾ (ETV Bharat Jalandhar) ਜਲੰਧਰ : ਜਲੰਧਰ ਪੱਛਮੀ ਹਲਕੇ 'ਚ ਕਾਂਗਰਸ ਤੇ ਭਾਜਪਾ ਆਗੂਆਂ ਵਿਚਾਲੇ ਹੱਥੋਪਾਈ ਹੋ ਗਈ ਹੈ। ਹਾਲਾਂਕਿ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਮਾਮਲਾ ਸੁਲਝਾ ਲਿਆ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਹਮਲੇ ਦੇ ਦੋਸ਼ ਲਾਏ ਹਨ।
ਇਸ ਮਾਮਲੇ 'ਚ ਥਾਣਾ-5 ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਦੱਸਿਆ ਕਿ ਮਾਮਲੇ 'ਚ ਕੁੱਟਮਾਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਮਾਮੂਲੀ ਝਗੜਾ ਹੋਇਆ ਸੀ, ਜਿਸ ਨੂੰ ਮੌਕੇ 'ਤੇ ਹੀ ਸੁਲਝਾ ਲਿਆ ਗਿਆ।
ਪੰਜਾਬ ਦੇ ਜਲੰਧਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਲੜਾਈ-ਝਗੜੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਥੇ ਹੀ ਜਲੰਧਰ ਦੇ ਆਦਮਪੁਰ 'ਚ ਕਾਂਗਰਸੀ ਵਰਕਰ 'ਤੇ ਜਾਨਲੇਵਾ ਹਮਲਾ ਹੋਇਆ ਹੈ, ਦੂਜੇ ਪਾਸੇ ਜਲੰਧਰ ਦੇ ਸ਼ਕਤੀ ਪਾਰਕ ਬਸਤੀ ਗੁੱਜਣ 'ਚ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ ਹੈ, ਥਾਣਾ 5 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਥਾਣਾ 5 ਜਲੰਧਰ ਦੇ ਇੰਚਾਰਜ ਭੂਸ਼ਣ ਨੇ ਦੱਸਿਆ ਕਿ ਉਹ ਲੋਕ ਸਭਾ ਚੋਣਾਂ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ, ਇਸ ਦੌਰਾਨ ਉਨ੍ਹਾਂ ਨੂੰ ਸ਼ਕਤੀ ਪਾਰਕ ਬਸਤੀ ਗੁੱਜਣ 'ਚ ਲੜਾਈ ਹੋਣ ਦੀ ਸੂਚਨਾ ਮਿਲੀ, ਉਹ ਤਰੁੰਤ ਮੌਕੇ ਉਤੇ ਪਹੁੰਚੇ ਅਤੇ ਭਾਜਪਾ ਦੇ ਵਰਕਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ਦੇ ਵਰਕਰਾਂ ਨੇ ਥੱਪੜ ਮਾਰੇ। ਹਾਲਾਂਕਿ ਉਨਾਂ ਨੂੰ ਕਾਂਗਰਸ ਦੇ ਬੂਥ ਉਤੇ ਕੋਈ ਨਹੀਂ ਮਿਲਿਆ, ਫਿਲਹਾਲ ਉਹ ਜਾਂਚ ਕਰ ਰਹੇ ਹਨ ਜੋ ਵੀ ਵਿਅਕਤੀ ਪਾਇਆ ਜਾਏਗਾ ਉਸ ਉਤੇ ਕਾਨੂੰਨੀ ਕਾਰਵਾਈ ਦੀ ਜਾਏਗੀ। ਫਿਲਹਾਲ ਕੋਈ ਵੀ ਜਖ਼ਮੀ ਨਹੀਂ ਹੋਇਆ ਹੈ।
ਆਦਮਪੁਰ ਵਿੱਚ ਲੜਾਈ :ਦੱਸ ਦਈਏ ਕਿ ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਮਨਸੂਰਪੁਰ ਬਟਾਲਾ 'ਚ 'ਆਪ' ਵਰਕਰਾਂ ਨੇ ਪੋਲਿੰਗ ਏਜੰਟ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫਿਲਹਾਲ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਲੰਧਰ ਲੋਕ ਸਭਾ ਸੀਟ 'ਤੇ ਦੁਪਹਿਰ 1 ਵਜੇ ਤੱਕ ਕੁੱਲ 37.96 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 39.60 ਫੀਸਦੀ ਵੋਟਿੰਗ ਹੋਈ। ਜਦਕਿ ਜਲੰਧਰ ਸੈਂਟਰਲ 'ਚ ਸਭ ਤੋਂ ਘੱਟ 30.10 ਫੀਸਦੀ ਵੋਟਿੰਗ ਹੋਈ ਹੈ।
ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ :ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਰਹੀ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ 'ਤੇ ਕੁੱਲ 16 ਲੱਖ 54 ਹਜ਼ਾਰ 5 ਵੋਟਰ ਹਨ। ਇਨ੍ਹਾਂ ਵਿੱਚੋਂ ਅੱਠ ਲੱਖ 59 ਹਜ਼ਾਰ 688 ਪੁਰਸ਼ ਅਤੇ ਸੱਤ ਲੱਖ 94 ਹਜ਼ਾਰ 273 ਮਹਿਲਾ ਵੋਟਰ ਹਨ।
ਇਸ ਸੀਟ 'ਤੇ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਮੁੱਖ ਮੁਕਾਬਲਾ ਕਾਂਗਰਸ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵਿਚਕਾਰ ਹੈ। ਜ਼ਿਲ੍ਹੇ ਵਿੱਚ ਕੁੱਲ 1951 ਪੋਲਿੰਗ ਬੂਥ ਹਨ। ਇੱਥੇ 454 ਸੰਵੇਦਨਸ਼ੀਲ ਬੂਥ ਹਨ।
ਦੇਖੋ ਕਿੱਥੇ ਅਤੇ ਕਿੰਨੀ ਵੋਟਿੰਗ
ਵਿਧਾਨ ਸਭਾ ਸੀਟ | ਵੋਟਿੰਗ ਪ੍ਰਤੀਸ਼ਤ |
ਆਦਮਪੁਰ | 38.00% |
ਕਰਤਾਰਪੁਰ | 38.10% |
ਜਲੰਧਰ ਉੱਤਰੀ | 38.93% |
ਜਲੰਧਰ ਕੇਂਦਰੀ | 36.10% |
ਜਲੰਧਰ ਛਾਉਣੀ | 36.84% |
ਜਲੰਧਰ ਪੱਛਮੀ | 39.60% |
ਨਕੋਦਰ | 37.90% |
ਫਿਲੌਰ | 38.70% |
ਸ਼ਾਹਕੋਟ | 37.33% |
ਕੁੱਲ ਵੋਟਿੰਗ | 37.95% |