ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਤਿੰਨ ਰਾਜਨੀਤਿਕ ਪਾਰਟੀਆਂ ਕਾਂਗਰਸ, 'ਆਪ' ਅਤੇ ਭਾਜਪਾ ਇੱਕ ਦੂਜੇ 'ਤੇ ਲਗਾਤਾਰ ਬਿਆਨਬਾਜ਼ੀ ਕਰ ਰਹੀਆਂ ਹਨ। ਇੱਕ ਪਾਸੇ ਜਿੱਥੇ ਅੱਜ ਰਾਜਾ ਵੜਿੰਗ ਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੀ ਸਰਕਾਰ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਸਾਡੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਤਾਂ ਹਰਿਆਣਾ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ। ਸਾਡੇ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਪੁਲਿਸ ਐਫਆਈਆਰ ਤੱਕ ਨਹੀਂ ਕਰ ਸਕੀ ਅਤੇ ਆਪਣੀ ਸਰਹੱਦ 'ਤੇ ਪੰਜਾਬ ਦੀ ਸਰਕਾਰ ਨੇ ਆਪਣੇ ਹੀ ਕਿਸਾਨਾਂ ਦੇ ਡਾਂਗਾਂ ਮਰਵਾਂ ਦਿੱਤੀਆਂ।
ਬਿੱਟੂ ਵਲੋਂ ਇੰਡੀਆ ਗਠਜੋੜ 'ਤੇ ਸਵਾਲ: ਉਥੇ ਹੀ ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹ ਦੋਵੇਂ ਪਹਿਲਾਂ ਹੀ ਸਮਝੌਤੇ ਕਰ ਚੁੱਕੇ ਹਨ। ਉਹਨਾਂ ਕਿਹਾ ਕੇ ਦੇਸ਼ ਦੀ ਰਾਜਧਾਨੀ ਦੇ ਵਿੱਚ ਕਾਂਗਰਸ ਅਤੇ 'ਆਪ' ਦਾ ਸਮਝੌਤਾ ਹੈ, ਨਾਲ ਹੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੀ ਇਹਨਾਂ ਦਾ ਸਮਝੌਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਇੰਚਾਰਜ ਆਪਸ ਦੇ ਵਿੱਚ ਮੀਟਿੰਗ ਕਰਦੇ ਹਨ, ਇੱਕ ਦੂਜੇ ਦੇ ਲਈ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ।