ਲੁਧਿਆਣਾ: ਭਾਰਤ ਨਗਰ ਚੌਂਕ ਨਜ਼ਦੀਕ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਗਵਰਨਮੈਂਟ ਸੀਨੀਅਰ ਸੈਕੈਂਡਰੀ ਸਕੂਲ ਦਾ 17 ਕਰੋੜ ਦੀ ਲਾਗਤ ਨਾਲ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਹਰ ਮਹੀਨੇ 14 ਸਕੂਲ ਆਫ ਐਮੀਨੇਂਸ ਬਣਾਏ ਜਾ ਰਹੇ ਹਨ। ਕੁੱਲ੍ਹ 118 ਸਕੂਲ ਆਫ ਏਮਿਨੇਂਸ ਬਣਾਏ ਜਾ ਰਹੇ ਹਨ। ਇਸ ਦੇ ਨਾਲ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਯਤਨ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਸਕੂਲਾਂ ਵਿੱਚ ਟ੍ਰਾਂਸਪੋਰਟਟੇਸ਼ਨ ਦੀ ਵੀ ਸੁਵਿਧਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਦੂਰ ਦੁਰਾਡੇ ਤੋਂ ਲੋਕ ਆਪਣੇ ਬੱਚਿਆਂ ਨੂੰ ਸੁਰੱਖਿਅਤ ਭੇਜ ਸਕਣ।
ਲੁਧਿਆਣਾ 'ਚ 17 ਕਰੋੜ ਦੀ ਲਾਗਤ ਨਾਲ ਬਣੇਗਾ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ, ਸਵੀਮਿੰਗ ਪੂਲ ਸਣੇ ਹੋਣਗੀਆਂ ਕਈ ਸਹੂਲਤਾਂ - MOST EXCELLENT GOVERNMENT SCHOOL
ਲੁਧਿਆਣਾ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦਾ ਸਭ ਤੋਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਕੂਲ ਤਿਆਰ ਕਰਨ ਦੀ ਗੱਲ ਆਖੀ ਹੈ।

Published : Dec 6, 2024, 3:35 PM IST
17 ਕਰੋੜ ਦੀ ਲਾਗਤ ਨਾਲ ਬਣੇਗਾ ਸਕੂਲ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਨਜ਼ਦੀਕ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਜੀ ਦੇ ਨਾਮ ਉੱਤੇ ਬਣੇ ਸਰਕਾਰੀ ਸਕੂਲ ਨੂੰ ਹੋਰ ਵੀ ਸੁਵਿਧਾਵਾਂ ਨਾਲ ਲੈਸ ਕਰਨ ਲਈ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੀ ਕੁੱਲ ਲਾਗਤ 17 ਕਰੋੜ ਰੁਪਏ ਆਵੇਗੀ ਅਤੇ ਇਸ ਦੇ ਵਿੱਚ ਜਿੱਥੇ ਬੱਚਿਆਂ ਨੂੰ ਹਾਈਟੈਕ ਐਜੂਕੇਸ਼ਨ ਨਾਲ ਜੋੜਿਆ ਜਾਵੇਗਾ ਤਾਂ ਉੱਥੇ ਹੀ ਬੱਚਿਆਂ ਨੂੰ ਲਿਆਉਣ ਅਤੇ ਛੱਡਣ ਦੀ ਸੁਵਿਧਾ ਲਈ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸੂਬੇ ਭਰ ਦੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਹਰ ਮਹੀਨੇ 14 ਸਕੂਲ ਬਣਾਏ ਜਾ ਰਹੇ ਨੇ ਤਾਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਸਰਕਾਰੀ ਸਕੂਲਾਂ ਵੱਲ ਮੁੜ ਆਉਣ ਲਈ ਪ੍ਰੇਰਿਤ ਹੋਣ। ਇਹੀ ਨਹੀਂ ਉਹਨਾਂ ਕਿਹਾ ਕਿ ਕੁਝ ਸਰਕਾਰੀ ਸਕੂਲਾਂ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਨੇ ਅਤੇ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਗਈ ਹੈ।
10 ਹਜ਼ਾਰ ਨਵੇਂ ਸਮਾਰਟ ਕਲਾਸ ਰੂਮ
ਉਹਨਾਂ ਹੁਸ਼ਿਆਰਪੁਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਸਕੂਲ ਉੱਤੇ ਵੀ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਕੋਲ ਕੋਈ ਸਕੂਲ ਪ੍ਰਤੀ ਸ਼ਿਕਾਇਤ ਹੋਵੇ ਤਾਂ ਉਹ ਸਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਵਾ ਸਕਦਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਰੀ ਐਡਮਿਸ਼ਨ ਅਤੇ ਫੀਸਾਂ ਦੇ ਨਾਮ ਉੱਤੇ ਵੀ ਜੋ ਪੈਸੇ ਵਸੂਲੇ ਜਾ ਰਹੇ ਹਨ ਉਸ ਬਾਰੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਉੱਤੇ ਪੁੱਛੇ ਸਵਾਲਾਂ ਤੋਂ ਕਿਨਾਰਾ ਕੀਤਾ ਹੈ। ਉਹਨਾਂ ਦੱਸਿਆ ਕਿ ਸਾਡੀ ਸਰਕਾਰ ਵੇਲੇ ਹੁਣ ਤੱਕ 8 ਹਜ਼ਾਰ ਸਕੂਲਾਂ ਦੀ ਬਾਉਂਡਰੀ ਵਾਲ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਹਜ਼ਾਰ ਨਵੇਂ ਸਮਾਰਟ ਕਲਾਸ ਰੂਮ ਬਣਾਏ ਗਏ ਹਨ। ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਦਸ ਨਵੇਂ ਕਲਾਸ ਰੂਮ ਬਣ ਰਹੇ ਹਨ।