ਮੋਗਾ: ਲੋਕ ਸਭਾ ਚੋਣਾਂ ਦੇ ਚੱਲਦੇ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਤਾਂ ਉਥੇ ਹੀ ਹਰ ਇੱਕ ਸਿਆਸੀ ਪਾਰਟੀ ਆਪਣੇ ਚੋਣ ਪ੍ਰਚਾਰ 'ਚ ਲੱਗੀ ਹੋਈ ਹੈ। ਇਸ ਦੇ ਚੱਲਦਿਆਂ ਫਰੀਦਕੋਟ ਤੋਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਲਗਾਤਾਰ ਕਲਾਕਾਰ ਪਹੁੰਚ ਕੇ ਉਨ੍ਹਾਂ ਲਈ ਵੋਟ ਮੰਗਦੇ ਨਜ਼ਰ ਆ ਰਹੇ ਹਨ। ਇਸ ਦੇ ਚੱਲਦੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਤੇ ਗਾਇਕ ਹਰਭਜਨ ਸ਼ੇਰਾ ਵੀ ਮੋਗਾ 'ਚ ਕਰਮਜੀਤ ਅਨਮੋਲ ਦੇ ਹੱਕ 'ਚ ਵੋਟ ਮੰਗਦੇ ਨਜ਼ਰ ਆਏ ਹਨ।
ਚੋਣ ਪ੍ਰਚਾਰ ਲਈ ਪਹੁੰਚੇ ਕਲਾਕਾਰ:ਇਸ ਦੌਰਾਨ ਪੰਜਾਬੀ ਫਿਲਮਾਂ ਦੇ ਅਦਾਕਾਰ ਕਰਤਾਰ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਤੇ ਬਾਈ ਕਰਮਜੀਤ ਅਨਮੋਲ ਦਾ ਪਿੰਡ ਇੱਕ ਹੈ, ਕਾਲਜ ਇੱਕ ਹੈ ਤੇ ਸਾਡਾ ਪ੍ਰੋਫੈਸ਼ਨ ਵੀ ਇੱਕ ਹੈ। ਉਨ੍ਹਾਂ ਕਿਹਾ ਕਿ ਮੇਰਾ ਬਾਈ ਕਰਮਜੀਤ ਅਨਮੋਲ ਨਾਲ ਬਹੁਤ ਜਿਆਦਾ ਪਿਆਰ ਹੈ ਤੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਕਰਮਜੀਤ ਅਨਮੋਲ ਵਰਗੇ ਬੰਦੇ ਰਾਜਨੀਤੀ ਵਿੱਚ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਲੀਡਰਾਂ ਦੀ ਲੋੜ ਹੈ, ਜਿਹੜੇ ਧਰਤੀ ਨਾਲ ਜੁੜੇ ਹੋਣ, ਹੇਠਾਂ ਤੋਂ ਲੈ ਕੇ ਉੱਤੇ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਸਮਝਦੇ ਹੋਣ। ਗੱਡੀਆਂ 'ਚ ਤੁਰੇ ਜਾਂਦੇ ਵੀ ਲੋਕਾਂ ਕੋਲ ਖੜ ਕੇ ਉਹਨਾਂ ਦੀਆਂ ਸਮੱਸਿਆ ਸੁਣਨ ਵਾਲੇ ਹੋਣ, ਲੋਕਾਂ ਦੇ ਚਿਹਰੇ ਦੇਖ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਹੋਣ।