ਚੰਡੀਗੜ੍ਹ:ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਕਹਿਣਾ ਹੈ ਕਿ,"ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਬਾਰੇ ਬਹੁਤ ਹੀ ਅਪਮਾਨਜਨਕ ਭਾਸ਼ਾ ਵਰਤੀ ਹੈ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਇਸ ਦੀ ਜਾਂਚ ਕਰਨ ਲਈ ਨਿਰਦੇਸ਼ ਦਿੱਤਾ ਹੈ,'।
ਐੱਸਜੀਪੀਸੀ ਪ੍ਰਧਾਨ ਤੋਂ ਮੰਗਿਆ ਸਪੱਸ਼ਟੀਕਰਨ
ਚੇਅਰਪਰਸਨ ਰਾਜ ਲਾਲੀ ਗਿੱਲ ਨੇ 4 ਦਿਨਾਂ ਦੇ ਅੰਦਰ ਦਫ਼ਤਰ ਆਕੇ ਸਪੱਸ਼ਟੀਕਰਨ ਦੇਣ ਲਈ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਟਿੱਪਣੀ ਲਈ ਮੁਆਫੀ ਮੰਗੀ ਹੈ ਪਰ ਤੁਸੀਂ ਭਾਸ਼ਾ ਦੀ ਮਰਿਆਦਾ ਸਬੰਧੀ ਸਾਰੀਆਂ ਹੱਦਾਂ ਟੱਪ ਕੇ ਮੁਆਫੀ ਦੇ ਪਿੱਛੇ ਨਹੀਂ ਛੁਪ ਸਕਦੇ ਕਿਉਂਕਿ ਤੁਸੀਂ ਜੋ ਕੀਤਾ ਹੈ ਉਸ ਨਾਲ ਪਹਿਲਾਂ ਹੀ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ।
'ਜਗੀਰ ਕੌਰ ਦੀ ਚੁੱਪੀ ਦਾ ਨਹੀਂ ਸਵਾਲ'
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕਈ ਵਿਰੋਧੀ ਧਿਰਾਂ ਉਨ੍ਹਾਂ ਦੇ ਐਕਸ਼ਨ ਨੂੰ ਸਿਆਸਤ ਨਾਲ ਜੋੜ ਰਹੀਆਂ ਹਨ ਕਿਉਂਕਿ ਬੀਬੀ ਜਗੀਰ ਕੌਰ ਬਾਰੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਿੱਪਣੀ ਕੀਤੀ ਹੈ ਅਤੇ ਮਾਮਲੇ ਉੱਤੇ ਜਗੀਰ ਕੌਰ ਨੇ ਕੋਈ ਵੀ ਪ੍ਰਤੀਕਿਰਿਆ ਫਿਲਹਾਲ ਜ਼ਾਹਿਰ ਨਹੀਂ ਕੀਤੀ ਹੈ। ਰਾਜ ਲਾਲੀ ਗਿੱਲ ਦਾ ਕਹਿਣਾ ਹੈ ਕਿ ਇਹ ਸਿਰਫ ਬੀਬੀ ਜਗੀਰ ਕੌਰ ਦਾ ਮਾਮਲਾ ਨਹੀਂ ਹੈ, ਐੱਸਜੀਪੀਸੀ ਪ੍ਰਧਾਨ ਨੇ ਆਪਣੀ ਭੱਦੀ ਸ਼ਬਦਾਵਲੀ ਨਾਲ ਸਾਰੀਆਂ ਔਰਤਾਂ ਦਾ ਅਪਮਾਨ ਕੀਤਾ ਹੈ। ਇਸ ਲਈ ਕਮਿਸ਼ਨ ਨੇ ਖੁੱਦ ਮਾਮਲੇ ਦਾ ਨੋਟਿਸ ਲੈਂਦਿਆਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ। ਉਨ੍ਹਾਂ ਆਖਿਆ ਕਿ ਬੀਬੀ ਜਗੀਰ ਕੌਰ ਦੀ ਕੋਈ ਵੀ ਮਜਬੂਰੀ ਹੋ ਸਕਦੀ ਹੈ ਜੋ ਉਨ੍ਹਾਂ ਨੇ ਆਪਣੇ ਪ੍ਰਤੀ ਵਰਤੀ ਗਈ ਭਾਸ਼ਾ ਦਾ ਜਵਾਬ ਨਹੀਂ ਦਿੱਤਾ ਜਾਂ ਇਸ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ।
ਨਿੱਜੀ ਚੈਨਲ ਉੱਤੇ ਵਰਤੀ ਸੀ ਮੰਦੀ ਸ਼ਬਦਾਵਲੀ
ਦੱਸ ਦਈਏ ਨਿੱਜੀ ਚੈਨਲ ਉੱਤੇ ਗੱਲਬਾਤ ਦੌਰਾਨ ਜਦੋਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਬੀਬੀ ਜਗੀਰ ਬਾਰੇ ਕੋਈ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਭੱਦੀ ਸ਼ਬਦਾਵਲੀ ਦਾ ਜ਼ਿਕਰ ਬੀਬੀ ਜਗੀਰ ਕੌਰ ਲਈ ਕੀਤਾ,ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗਲਤੀ ਲਈ ਬਕਾਇਦਾ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ ਸੀ।