ਪੰਜਾਬ

punjab

ETV Bharat / state

ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ ਗ੍ਰਿਫਤਾਰ, ਪੰਜਾਬ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀ ਫੜ੍ਹਿਆ - Punjab News

Arrest In Bribery Case : ਵਿਜੀਲੈਂਸ ਬਿਊਰੋ ਨੇ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਰਕੀਟ ਕਮੇਟੀ ਦੇ ਆਕਸ਼ਨ ਰਿਕਾਰਡਰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜ੍ਹਿਆ ਗਿਆ ਹੈ। ਪੜ੍ਹੋ ਪੂਰੀ ਖ਼ਬਰ।

Punjab Vigilance
Punjab Vigilance

By ETV Bharat Punjabi Team

Published : Feb 8, 2024, 10:02 AM IST

ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ ਗ੍ਰਿਫਤਾਰ

ਲੁਧਿਆਣਾ:ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਨਿਲਾਮੀ ਰਿਕਾਰਡਰ (ਆਕਸ਼ਨ ਰਿਕਾਰਡਰ) ਹਰੀ ਰਾਮ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਦੇ ਐਸਐਸਪੀ ਨੇ ਦੱਸਿਆ ਕਿ ਅਧਿਕਾਰੀ ਨੂੰ ਅਸ਼ੋਕ ਨਗਰ, ਸਲੇਮ ਟਾਬਰੀ, ਲੁਧਿਆਣਾ ਦੇ ਰਹਿਣ ਵਾਲੇ ਸੋਨੂੰ, ਜੋ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲੁਧਿਆਣਾ ਦਾ ਸਕੱਤਰ ਹੈ, ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।

ਅਧਿਕਾਰੀ ਨੇ ਸਾਂਝੀ ਕੀਤੀ ਪੂਰੀ ਜਾਣਕਾਰੀ: ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਉਕਤ ਸੁਸਾਇਟੀ ਲੁਧਿਆਣਾ ਸ਼ਹਿਰ ਅੰਦਰ ਪੈਂਦੀਆਂ ਮੰਡੀਆਂ, ਮੱਛੀ ਮੰਡੀਆਂ ਆਦਿ ਦੀ ਸਫਾਈ ਦਾ ਠੇਕਾ ਲੈਂਦੀ ਸੀ। ਉਕਤ ਸੁਸਾਇਟੀ ਨੂੰ ਮਾਰਕਿਟ ਕਮੇਟੀ ਲੁਧਿਆਣਾ ਵੱਲੋਂ 01-04-2023 ਤੋਂ 31-03-2024 ਤੱਕ ਦੀ ਮਿਆਦ ਲਈ ਕਾਰਾ-ਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜੀ ਮੰਡੀ ਲੁਧਿਆਣਾ ਦੀ ਸਫ਼ਾਈ ਦਾ ਠੇਕਾ ਅਲਾਟ ਹੋਇਆ ਹੈ।

ਮਹੀਨਾਵਾਰ ਬਿੱਲ ਪਾਸ ਕਰਵਾਉਣ ਬਦਲੇ ਰਿਸ਼ਵਤ: ਐਸਐਸਪੀ ਵਿਜੀਲੈਂਸ ਨੇ ਦੱਸਿਆ ਕਿ ਪੀੜਿਤ ਨੇ ਦੱਸਿਆ ਸੀ ਕਿ ਮਾਰਕੀਟ ਕਮੇਟੀ ਦਾ ਕਰਮਚਾਰੀ ਹਰੀ ਰਾਮ ਵੱਲੋਂ ਸਕੱਤਰ ਮਾਰਕੀਟ ਕਮੇਟੀ ਤੋਂ ਸੁਸਾਇਟੀ ਦੇ ਮਹੀਨਾਵਾਰ ਬਿੱਲ ਪਾਸ ਕਰਵਾਉਣ ਬਦਲੇ ਹਰ ਮਹੀਨੇ 30,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਰਿਸ਼ਵਤ ਦੀ ਮੰਗ ਕਰਨ ਸਮੇਂ ਮੁਲਜ਼ਮ ਕਰਮਚਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਅੱਜ ਕੋਰਟ ਵਿੱਚ ਹੋਵੇਗੀ ਪੇਸ਼ੀ:ਐਸਐਸਪੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਲਿਆ। ਇਸ ਸਬੰਧੀ ਉਕਤ ਕਥਿਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਅੱਜ ਵੀਰਵਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚੀ ਜਾਵੇਗੀ।

ABOUT THE AUTHOR

...view details