ਆਯੁਸ਼ਮਾਨ ਭਾਰਤ ਸਕੀਮ (etv bharat) ਲੁਧਿਆਣਾ: ਹੁਣ ਆਯੂਸ਼ਮਾਨ ਭਾਰਤ ਸਕੀਮ ਹੇਠ ਹਸਪਤਾਲ ਇਲਾਜ਼ ਨਹੀਂ ਕਰਨਗੇ। ਇਹ ਐਲਾਨ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ (ਫਾਨਾ) ਪੰਜਾਬ ਦੇ ਬੈਨਰ ਹੇਠਾਂ ਪ੍ਰੈਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਵਿਕਾਸ ਛਾਬੜਾ ਅਤੇ ਸਕੱਤਰ ਡਾ. ਦਿਵਿਆਸ਼ੂ ਗੁਪਤਾ ਵੱਲੋਂ ਕੀਤਾ ਗਿਆ ਹੈ। ਦਰਅਸਲ ਆਯੁਸ਼ਮਾਨ ਭਾਰਤ ਸਕੀਮ ਹੇਠ ਪੰਜਾਬ ਸਰਕਾਰ ਵੱਲੋਂ ਅਦਾਇਗੀ ਨਾ ਕੀਤੇ ਜਾਣ ਖਿਲਾਫ ਸੂਬੇ ਦੇ ਜਿਆਦਾਤਰ ਪ੍ਰਾਈਵੇਟ ਹਸਪਤਾਲਾਂ ਨੇ ਅੱਜ ਤੋਂ ਇਸ ਯੋਜਨਾ ਤਹਿਤ ਲੋਕਾਂ ਦਾ ਮੁਫਤ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਕੀ ਲਾਏ ਇਲਜ਼ਾਮ
ਕਾਬਲੇਜ਼ਿਕਰ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਇਲਜ਼ਾਮ ਲਗਾਇਆ ਗਿਆ ਕਿ ਆਯੁਸ਼ਮਾਨ ਭਾਰਤ ਸਕੀਮ ਤਹਿਤ ਉਨਾਂ ਦੇ ਬੀਤੇ ਕਰੀਬ ਛੇ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲ ਕਰੀਬ 600 ਕਰੋੜ ਰੁਪਏ ਬਕਾਇਆ ਹਨ ਪਰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਉਹਨਾਂ ਨੂੰ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਅਤੇ ਸਾਫਟਵੇਅਰ ਵਿੱਚ ਖਰਾਬੀ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਆਯੁਸ਼ਮਾਨ ਸਕੀਮ ਨਾਲ ਕਿੰਨੇ ਹਸਪਤਾਲ ਜੁੜੇ
ਡਾਕਟਰਾਂ ਨੇ ਇਲਜ਼ਾਮ ਲਗਾਇਆ ਕਿ "ਫਾਨਾ ਨਾਲ ਸੂਬੇ ਦੇ ਕਰੀਬ 300 ਤੋਂ ਵੱਧ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਜੁੜੇ ਹੋਏ ਹਨ। ਜਿੰਨਾਂ ਦਾ ਸੂਬਾ ਸਰਕਾਰ ਵੱਲ ਕਰੀਬ 600 ਕਰੋੜ ਰੁਪਏ ਦਾ ਬਕਾਇਆ ਹੈ। ਜਦਕਿ ਪੰਜਾਬ ਨੂੰ ਛੱਡ ਕੇ ਗੁਆਂਢੀ ਸੂਬਿਆਂ ਵਿੱਚ ਆਯੁਸ਼ਮਾਨ ਭਾਰਤ ਸਕੀਮ ਤਹਿਤ ਹਸਪਤਾਲਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ ਪਰ ਪੰਜਾਬ ਅੰਦਰ ਇਸ ਸਕੀਮ ਤਹਿਤ ਅਦਾਇਗੀ ਨਾ ਹੋਣ ਕਰਕੇ ਕਈ ਲੋਕ ਇਲਾਜ ਤੋਂ ਵਾਂਝੇ ਹਨ"।
ਮੁਫ਼ਤ ਇਲਾਜ ਬੰਦ
ਡਾਕਟਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ "ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਕਈ ਹਸਪਤਾਲ ਭਾਰੀ ਵਿੱਤੀ ਬੋਝ ਹੇਠਾਂ ਦੱਬ ਚੁੱਕੇ ਹਨ। ਇੱਥੋਂ ਤੱਕ ਕਿ ਸਟੇਟ ਹੈਲਥ ਏਜੰਸੀ ਦੇ ਸੀਈਓ ਅਤੇ ਸੂਬੇ ਦੇ ਸਿਹਤ ਮੰਤਰੀ ਨਾਲ ਕਈ ਵਾਰ ਮੁਲਾਕਾਤ ਕਰਨ ਦੇੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਉਹਨਾਂ ਨੇ ਐਲਾਨ ਕੀਤਾ ਕਿ ਮਜ਼ਬੂਰਨ ਅੱਜ ਤੋਂ ਫਾਨਾ ਨਾਲ ਜੁੜੇ ਪ੍ਰਾਈਵੇਟ ਹਸਪਤਾਲ ਤੇ ਨਰਸਿੰਗ ਹੋਮਾ ਵੱਲੋਂ ਆਯੁਸ਼ਮਾਨ ਭਾਰਤ ਸਕੀਮ ਤਹਿਤ ਲੋਕਾਂ ਦਾ ਮੁਫਤ ਇਲਾਜ ਬੰਦ ਕੀਤਾ ਜਾਵੇਗਾ"।