ਚੰਡੀਗੜ੍ਹ/ਗੁਰਦਾਸਪੁਰ: ਪੰਜਾਬ ਪੁਲਿਸ ਨੂੰ ਇੱਕ ਵਾਰ ਫਿਰ ਵੱਡੀ ਸਫ਼ਲਤਾ ਹਾਸਿਲ ਹੋਈ ਹੈ, ਜਿਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਚੋਟੀ ਦੇ ਸਮੱਗਲਰ ਅਵਤਾਰ ਸਿੰਘ ਉਰਫ਼ ਤਾਰੀ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਪੀਆਈਟੀਐਸ-ਐਨਡੀਪੀਐਸ ਐਕਟ ਤਹਿਤ ਕਾਬੂ ਕੀਤਾ ਹੈ।
ਬਠਿੰਡਾ ਜੇਲ ਭੇਜਿਆ ਮੁਲਜ਼ਮ ਤਾਰੀ
ਅਧਿਕਾਰੀਆਂ ਨੇ ਦੱਸਿਆ ਕਿ ਤਾਰੀ ਨੂੰ ਪੀਆਈਟੀ-ਐਨਡੀਪੀਐਸ ਐਕਟ ਤਹਿਤ ਦੋ ਸਾਲਾਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ ਤੇ ਉਸ ਨੂੰ ਕੇਂਦਰੀ ਜੇਲ੍ਹ, ਬਠਿੰਡਾ ਭੇਜ ਦਿੱਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚੱਲ ਰਹੇ ਯਤਨਾਂ ਵਿੱਚ ਇਹ ਇੱਕ ਮਜ਼ਬੂਤ ਕਦਮ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਪਹਿਲਾਂ ਵੀ ਕਾਬੂ ਕੀਤੇ ਮੁਲਜ਼ਮ
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਲਗਾਤਾਰ ਵੱਡੀ ਕਾਰਵਾਈ ਕਰਦਿਆਂ ਇਹਨਾਂ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਵਿੱਚ ਗੈਰ ਕਾਨੂਨੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ। ਇਸ ਹੀ ਤਹਿਤ ਬੀਤੇ ਦਿਨੀਂ ਵੀ ਪੁਲਿਸ ਨੇ ਮੋਗਾ ਸੀਆਈਏ ਸਟਾਫ਼ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਦੋ ਵੱਖ-ਵੱਖ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ 6 ਪਿਸਤੌਲਾਂ ਅਤੇ 12 ਕਾਰਤੂਸ ਸਮੇਤ ਕਾਬੂ ਕੀਤਾ ਹੈ | ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਪਟਿਆਲਾ ਗਿਰੋਹ ਨਾਲ ਸਬੰਧਿਤ ਹੈ, ਜਦਕਿ ਬਾਕੀ ਤਿੰਨ ਮੁਲਜ਼ਮ ਲਾਰੈਂਸ ਗੈਂਗ ਨਾਲ ਸਬੰਧਿਤ ਹਨ।
ਮੁਲਜ਼ਮਾਂ ਨੇ ਮੋਗਾ ਵਿੱਚ 3-4 ਲੋਕਾਂ ਤੋਂ ਫਿਰੌਤੀ ਵੀ ਮੰਗੀ ਹੈ। ਉਹ ਕੋਈ ਵੱਡਾ ਅਪਰਾਧ ਕਰਨ ਦੀ ਤਿਆਰੀ ਕਰ ਰਹੇ ਸਨ। ਮੋਗਾ ਦੇ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਮੋਗਾ ਸੀਆਈਏ ਸਟਾਫ਼ ਨੇ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਛੇ ਪਿਸਤੌਲਾਂ ਅਤੇ 12 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਚਾਰੋਂ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ। ਤਿੰਨ ਲਾਰੈਂਸ ਗੈਂਗ ਅਤੇ ਇੱਕ ਲੱਕੀ ਪਟਿਆਲ ਗੈਂਗ ਨਾਲ ਸਬੰਧਿਤ ਹਨ।