ਪੰਜਾਬ

punjab

ETV Bharat / state

ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, DSP ਗੁਰਸ਼ੇਰ ਸੰਧੂ ਨੂੰ ਕੀਤਾ ਬਰਖ਼ਾਸਤ - DSP GURSHER SANDHU DISMISSED

ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਪੰਜਾਬ ਸਰਕਾਰ ਵਲੋਂ DSP ਗੁਰਸ਼ੇਰ ਸੰਧੂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੜ੍ਹੋ ਸਾਰਾ ਮਾਮਲਾ...

ਲਾਰੈਂਸ ਜੇਲ੍ਹ ਇੰਟਰਵਿਊ ‘ਚ  DSP ਬਰਖ਼ਾਸਤ
ਲਾਰੈਂਸ ਜੇਲ੍ਹ ਇੰਟਰਵਿਊ ‘ਚ DSP ਬਰਖ਼ਾਸਤ (Etv Bharat)

By ETV Bharat Punjabi Team

Published : Jan 3, 2025, 9:28 AM IST

ਚੰਡੀਗੜ੍ਹ: ਪੁਲਿਸ ਹਿਰਾਸਤ 'ਚ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਚਰਚਾ 'ਚ ਹੈ। ਸੂਬੇ ਦੀ ਮਾਨ ਸਰਕਾਰ ਨੇ ਪੁਲਿਸ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਦੀ ਟੀਵੀ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਬਰਖ਼ਾਸਤ ਡੀਐਸਪੀ ਗੁਰਸ਼ੇਰ ਸੰਧੂ ਦੀ ਫਾਈਲ ਪਹਿਲਾਂ ਪੁਲਿਸ ਵਿਭਾਗ ਨੇ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਸੀ। ਇਹ ਸਾਰੀ ਕਾਰਵਾਈ ਹਾਈਕੋਰਟ ਵੱਲੋਂ ਗਠਿਤ ਐਸਆਈਟੀ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਈ ਹੈ।

ਲਾਰੈਂਸ ਜੇਲ੍ਹ ਇੰਟਰਵਿਊ ‘ਚ DSP ਬਰਖ਼ਾਸਤ (Etv Bharat)

ਡਿਊਟੀ 'ਚ ਲਾਪਰਵਾਹੀ ਦਾ ਇਲਜ਼ਾਮ

ਸੂਬਾ ਸਰਕਾਰ ਨੇ ਹੁਕਮਾਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਗੈਂਗਸਟਰ ਲਾਰੈਂਸ ਦੀ ਇੰਟਰਵਿਊ ਦੌਰਾਨ ਸੀਆਈਏ ਖਰੜ ਦੀ ਹਿਰਾਸਤ ਵਿੱਚ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤੀ ਹੈ। ਜਿਸ ਕਾਰਨ ਪੰਜਾਬ ਪੁਲਿਸ ਦਾ ਅਕਸ ਬੁਰੀ ਤਰ੍ਹਾਂ ਖਰਾਬ ਹੋਇਆ ਹੈ। ਉਸ ਵੱਲੋਂ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹਿਣਾ ਪੰਜਾਬ ਪੁਲਿਸ ਦੇ ਅਨੁਸ਼ਾਸਨ ਅਤੇ ਆਚਰਣ ਨਿਯਮਾਂ ਦੀ ਘੋਰ ਉਲੰਘਣਾ ਹੈ। ਇਸ ਲਈ ਉਪਰੋਕਤ ਕਾਰਨਾਂ ਕਰਕੇ ਸੰਵਿਧਾਨ ਦੀ ਧਾਰਾ 311 ਤਹਿਤ ਮਿਲੇ ਅਧਿਕਾਰਾਂ ਤਹਿਤ ਉਸ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ।

ਲਾਰੈਂਸ ਜੇਲ੍ਹ ਇੰਟਰਵਿਊ ‘ਚ DSP ਬਰਖ਼ਾਸਤ (Etv Bharat)

ਪਹਿਲੇ ਇੰਟਰਵਿਊ 'ਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ

ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਨਿੱਜੀ ਚੈਨਲ 'ਤੇ ਪ੍ਰਸਾਰਿਤ ਹੋਇਆ ਸੀ। ਇਸ ਵਿੱਚ ਲਾਰੈਂਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਗਾਇਕੀ ਦੀ ਬਜਾਏ ਗੈਂਗ ਵਾਰ ਵਿੱਚ ਦਖ਼ਲ ਦੇ ਰਿਹਾ ਸੀ। ਉਸ ਦੇ ਕਾਲਜ ਦੇ ਦੋਸਤ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਮੂਸੇਵਾਲਾ ਦਾ ਹੱਥ ਸੀ। ਇਸੇ ਕਾਰਨ ਉਸ ਨੇ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ। ਐਸਆਈਟੀ ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਸੀ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤੀ ਸੀ।

ਲਾਰੈਂਸ ਜੇਲ੍ਹ ਇੰਟਰਵਿਊ ‘ਚ DSP ਬਰਖ਼ਾਸਤ (Etv Bharat)

ਲਾਰੈਂਸ ਨੇ ਦੂਜੀ ਇੰਟਰਵਿਊ ਵਿੱਚ ਜੇਲ੍ਹ ਦੀ ਬੈਰਕ ਵੀ ਦਿਖਾਈ

ਆਪਣੀ ਦੂਜੀ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਕਰਨ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾਈ ਅਤੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਮੋਬਾਈਲ ਫੋਨ ਵੀ ਉਸ ਦੇ ਕੋਲ ਆ ਜਾਂਦਾ ਹੈ ਅਤੇ ਸਿਗਨਲ ਵੀ ਹੈ। ਲਾਰੈਂਸ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਜੇਲ੍ਹ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਫੋਨ ਕਰ ਰਹੇ ਹਨ। ਲਾਰੈਂਸ ਨੇ ਮੋਬਾਈਲ ਅੰਦਰ ਆਉਣ ਦੀ ਜਾਣਕਾਰੀ ਵੀ ਦਿੱਤੀ ਸੀ। ਲਾਰੈਂਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।

SIT ਦੀ ਰਿਪੋਰਟ ਤੋਂ ਬਾਅਦ 7 ਪੁਲਿਸ ਮੁਲਾਜ਼ਮਾਂ ਮੁਅੱਤਲ

ਲਾਰੈਂਸ ਦੀ ਜੇਲ੍ਹ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਗੈਂਗਸਟਰ ਨੇ ਇਹ ਇੰਟਰਵਿਊ 3-4 ਸਤੰਬਰ, 2022 ਦੀ ਰਾਤ ਨੂੰ ਪੰਜਾਬ ਦੀ ਜੇਲ੍ਹ ਵਿੱਚੋਂ ਹੀ ਦਿੱਤੀ ਸੀ। ਇਹ ਸਭ ਹਾਈ ਸਕਿਓਰਿਟੀ ਜ਼ੋਨ 'ਚ ਹੋਇਆ। ਇਹ ਇੰਟਰਵਿਊ ਚੰਡੀਗੜ੍ਹ ਦੇ ਨਾਲ ਲੱਗਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਥਾਣੇ 'ਚ ਸ਼ੂਟ ਕੀਤਾ ਗਿਆ ਸੀ। ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਦਫ਼ਤਰ ਵਿੱਚ ਇੰਚਾਰਜ ਦਾ ਕਮਰਾ ਸਟੂਡੀਓ ਵਿੱਚ ਤਬਦੀਲ ਕੀਤਾ ਗਿਆ। ਇੰਟਰਨੈਟ ਲਈ ਐਸਐਚਓ ਦੇ ਅਧਿਕਾਰਤ ਡੋਂਗਲ ਦੀ ਵਰਤੋਂ ਕੀਤੀ ਗਈ। ਇੰਟਰਵਿਊ ਦੀ ਸ਼ੂਟਿੰਗ ਮੋਬਾਈਲ 'ਤੇ ਕੀਤੀ ਗਈ ਸੀ। ਇਸ ਦੌਰਾਨ 2 ਡੀਐਸਪੀ ਸਮੇਤ 7 ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਰਿਪੋਰਟ ਦੇ ਆਧਾਰ 'ਤੇ 7 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸੀ ਮੁਅੱਤਲ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਐਸਆਈਟੀ ਨੇ 7 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕੁਤਾਹੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ੀ ਮੰਨਿਆ ਸੀ। ਇਸ ਤੋਂ ਬਾਅਦ 25 ਅਕਤੂਬਰ 2024 ਨੂੰ ਸਾਰਿਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ। ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ, ਉਨ੍ਹਾਂ ਵਿੱਚ ਡੀਐਸਪੀ ਤੋਂ ਲੈ ਕੇ ਹੈੱਡ ਕਾਂਸਟੇਬਲ ਰੈਂਕ ਦੇ ਅਧਿਕਾਰੀ ਸ਼ਾਮਲ ਸਨ। ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ (ਅੰਮ੍ਰਿਤਸਰ ਸਥਿਤ 9 ਬਟਾਲੀਅਨ), ਡੀਐਸਪੀ ਸਮਰ ਵਨੀਤ, ਸਬ ਇੰਸਪੈਕਟਰ ਰੀਨਾ (ਸੀਆਈਏ ਖਰੜ ਵਿੱਚ ਤਾਇਨਾਤ), ਐਸਆਈ ਜਗਤਪਾਲ ਜਾਂਗੂ (ਏਜੀਟੀਐਫ ਵਿੱਚ ਤਾਇਨਾਤ), ਐਸਆਈ ਸ਼ਗਨਜੀਤ ਸਿੰਘ (ਏਜੀਟੀਐਫ), ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਸਨ। ਇਸ 'ਚ ਹੁਣ ਪੰਜਾਬ ਸਰਕਾਰ ਨੇ ਡੀਐਸਪੀ ਗੁਰਸ਼ੇਰ ਸੰਧੂ ਨੂੰ ਬਰਖ਼ਾਸਤ ਵੀ ਕਰ ਦਿੱਤਾ ਹੈ।

ABOUT THE AUTHOR

...view details