ਪੰਜਾਬ

punjab

ETV Bharat / state

ਗੰਨਾ ਕਿਸਾਨਾਂ ਨੂੰ ਲੈਕੇ ਸਰਕਾਰ ਦਾ ਐਲਾਨ, ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ

ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦ ਵਾਧਾ; 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦੀ ਉਮੀਦ ਹੈ।

ਗੰਨਾ ਕਿਸਾਨਾਂ ਨੂੰ ਲੈਕੇ ਸਰਕਾਰ ਦਾ ਐਲਾਨ
ਗੰਨਾ ਕਿਸਾਨਾਂ ਨੂੰ ਲੈਕੇ ਸਰਕਾਰ ਦਾ ਐਲਾਨ (ETV BHARAT)

By ETV Bharat Punjabi Team

Published : Nov 6, 2024, 6:31 PM IST

ਚੰਡੀਗੜ੍ਹ:ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨੇ ਦੀ ਪਿੜਾਈ 25 ਨਵੰਬਰ, 2024 ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਅੱਜ ਇਥੇ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਪੰਜਾਬ ਰਾਜ ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ।

ਰਕਬੇ ਵਿੱਚ 5 ਫ਼ੀਸਦ ਵਾਧਾ

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਦੇ 95,000 ਹੈਕਟੇਅਰ ਦੇ ਮੁਕਾਬਲੇ ਇਸ ਸਾਲ ਇੱਕ ਲੱਖ ਹੈਕਟੇਅਰ ਰਕਬੇ 'ਤੇ ਗੰਨੇ ਦੀ ਕਾਸ਼ਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 9 ਸਹਿਕਾਰੀ ਅਤੇ 6 ਨਿੱਜੀ ਖੰਡ ਮਿੱਲਾਂ ਸਮੇਤ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਸੀਜ਼ਨ ਵਿੱਚ 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦਾ ਅਨੁਮਾਨ ਹੈ।

ਫ਼ਸਲ ਵੇਚਣ ਵਿੱਚ ਨਹੀਂ ਆਵੇਗੀ ਦਿੱਕਤ

ਖੇਤੀਬਾੜੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਹਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਉਨ੍ਹਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾਵੇ।

ਸੀਨੀਅਰ ਅਧਿਕਾਰੀ ਰਹੇ ਮੀਟਿੰਗ 'ਚ ਮੌਜੂਦ

ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਪੰਜਾਬ ਖੇਤੀਬਾੜੀ ਕਮਿਸ਼ਨਰ ਮਿਸ ਨੀਲਿਮਾ, ਸਕੱਤਰ ਖ਼ਰਚਾ ਸ੍ਰੀ ਵੀ.ਐਨ.ਜ਼ਾਦੇ, ਐਮ.ਡੀ. ਸ਼ੂਗਰਫੈੱਡ ਡਾ. ਸੇਨੂ ਦੁੱਗਲ, ਡਾਇਰੈਕਟਰ ਖੇਤੀਬਾੜੀ ਸ੍ਰੀ ਜਸਵੰਤ ਸਿੰਘ, ਕੇਨ ਕਮਿਸ਼ਨਰ, ਪੰਜਾਬ ਸ੍ਰੀ ਦਿਲਬਾਗ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਸ੍ਰੀ ਗੁਲਜ਼ਾਰ ਸਿੰਘ ਸੰਘੇੜਾ ਅਤੇ ਰਾਜ ਗੰਨਾ ਕੰਟਰੋਲ ਬੋਰਡ ਦੇ ਮੈਂਬਰ ਕਮਲ ਓਸਵਾਲ, ਕੁਨਾਲ ਯਾਦਵ, ਸ਼ੇਰ ਪ੍ਰਤਾਪ ਸਿੰਘ ਚੀਮਾ ਅਤੇ ਹੋਰ ਵੀ ਹਾਜ਼ਰ ਸਨ।

ਝੋਨੇ ਦੀ ਖਰੀਦ ਸਮੱਸਿਆ ਤੇ ਡੀਏਪੀ ਦੀ ਕਿੱਲਤ

ਕਾਬਿਲੇਗੌਰ ਹੈ ਕਿ ਸਰਕਾਰ ਵਲੋਂ ਗੰਨੇ ਦੀ ਫਸਲ ਵੇਚਣ 'ਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦੀ ਹਦਾਇਤ ਕੀਤੀ ਗਈ ਹੈ ਪਰ ਉਧਰ ਕਿਸਾਨ ਲਗਾਤਾਰ ਝੋਨੇ ਦੀ ਖਰੀਦ ਸਮੱਸਿਆ ਅਤੇ ਡੀਏਪੀ ਖਾਦ ਦੀ ਕਿੱਲਤ ਨੂੰ ਲੈਕੇ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਗੰਨਾ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ 'ਚ ਉਨ੍ਹਾਂ ਵਲੋਂ ਵੀ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਲਗਾਇਆ ਹੋਇਆ ਹੈ।

ABOUT THE AUTHOR

...view details