ਚੰਡੀਗੜ੍ਹ:ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਹੋਣਗੀਆਂ। ਇਸ ਸਬੰਧੀ ਚੋਣ ਕਮਿਸ਼ਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਹੈ ਕਿ ਚੋਣਾਂ 31 ਮਈ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ।
ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਹੋ ਰਹੀਆਂ ਚੋਣਾਂ
ਪੰਜਾਬ ਵਿੱਚ 153 ਪੰਚਾਇਤ ਸੰਮਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਬੋਰਡ ਦੀਆਂ ਪ੍ਰੀਖਿਆਵਾਂ ਅਤੇ ਹਾੜੀ ਸੀਜ਼ਨ ਦੀ ਕਣਕ ਦੀ ਖਰੀਦ ਨੂੰ ਧਿਆਨ ਵਿੱਚ ਰੱਖਦਿਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਪਿਛਲੇ ਸਾਲ ਦੀ ਤਾਂ ਲੋਕ ਸਭਾ ਚੋਣਾਂ, ਉਪ ਚੋਣਾਂ ਅਤੇ ਨਿਗਮ ਚੋਣਾਂ ਆਦਿ ਹੋ ਰਹੀਆਂ ਸਨ, ਜਿਸ ਕਾਰਨ ਇਹ ਚੋਣਾਂ ਲੇਟ ਹੋ ਗਈਆਂ।
ਪੰਜਾਬ 'ਚ ਜਲਦ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ (Etv Bharat) ਸਰਕਾਰ ਲਈ ਅਹਿਮ ਚੋਣਾਂ
ਜ਼ਿਕਰਯੋਗ ਹੈ ਕਿ ਹੁਣ 2027 ਵਿੱਚ ਵਿਧਾਨ ਸਭਾ ਚੋਣਾਂ ਹਨ। ਉਸ ਤੋਂ ਪਹਿਲਾਂ ਸਰਕਾਰ ਲਈ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣਾ ਬਹੁਤ ਜ਼ਰੂਰੀ ਹੈ। ਇਹ ਚੋਣਾਂ ਖਾਸ ਤੌਰ 'ਤੇ ਪੇਂਡੂ ਖੇਤਰਾਂ ਲਈ ਹਨ, ਇਸ ਲਈ ਜੋ ਵੀ ਸਿਆਸੀ ਪਾਰਟੀ ਇਹ ਚੋਣ ਜਿੱਤਦੀ ਹੈ, ਉਸ ਨੂੰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਆਪਣਾ ਵੋਟ ਬੈਂਕ ਅਧਾਰ ਪਤਾ ਹੋਵੇਗਾ। ਮੌਜੂਦਾ ਸਰਕਾਰ ਵੀ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਹਰ ਵਿਕਾਸ ਕਾਰਜ ਕਰਵਾਉਣ ਵਿੱਚ ਲੱਗੀ ਹੋਈ ਹੈ। ਦਿੱਲੀ 'ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਗਵਾਉਣਾ ਨਹੀਂ ਚਾਹੁੰਦੀ।
ਸੂਚੀਆਂ ਦੀ ਸਮੀਖਿਆ ਲਈ ਜਾਰੀ ਹੋਏ ਨਿਰਦੇਸ਼
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਟੇਟ ਇਲੈਕਸ਼ਨ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਰ ਸੂਚੀਆਂ ਦੀ ਸਮੀਖਿਆ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਮਤਦਾਤਾ ਸੂਚੀਆਂ ਦਾ ਖਰੜਾ ਪ੍ਰਕਾਸ਼ਨ 10 ਫਰਵਰੀ 2025 ਨੂੰ ਕੀਤਾ ਜਾਵੇਗਾ। ਇਹ ਸੂਚੀ 4 ਸਤੰਬਰ 2024 ਨੂੰ ਪ੍ਰਕਾਸ਼ਿਤ ਕੀਤੀਆਂ ਗ੍ਰਾਮ ਪੰਚਾਇਤਾਂ ਦੀ ਅਪਡੇਟ ਸੂਚੀ 'ਤੇ ਆਧਾਰਿਤ ਹੋਵੇਗੀ। ਇਸ ਸਬੰਧੀ ਜੋ ਵੀ ਦਾਅਵੇ ਅਤੇ ਇਤਰਾਜ਼ ਹੋਣਗੇ ਓਹ 18 ਫਰਵਰੀ 2025 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਦਾਅਵਿਆਂ ਦਾ ਨਿਪਟਾਰਾ 27 ਫਰਵਰੀ 2025 ਤੱਕ ਕੀਤਾ ਜਾਵੇਗਾ, ਅਤੇ ਅੰਤਿਮ ਸੂਚੀ 3 ਮਾਰਚ 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਹ ਚੋਣਾਂ ਪੰਜਾਬ ਪੰਚਾਇਤ ਰਾਜ ਅਧਿਨਿਯਮ 1994 ਧਾਰਾ 209 ਤਹਿਤ ਕਰਵਾਈਆਂ ਜਾਣੀਆਂ ਹਨ, ਜਿਸ ਰਾਹੀਂ ਪੰਜਾਬ ਵਿੱਚ ਪੇਂਡੂ ਪੱਧਰ 'ਤੇ ਪ੍ਰਸ਼ਾਸਨਿਕ ਢਾਂਚੇ ਲਈ ਨਵੀਂ ਲੀਡਰਸ਼ਿਪ ਦਾ ਗਠਨ ਹੋਵੇਗਾ। ਦਿਲਰਾਜ ਸਿੰਘ ਪ੍ਰਸ਼ਾਸਨਿਕ ਸਕੱਤਰੇਤ, ਮੁਤਾਬਕ ਚੋਣ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਤੇ 31 ਮਈ 2025 ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ।