ਅੰਮ੍ਰਿਤਸਰ: ਫਿਲਮੀ ਅਦਾਕਾਰ ਅਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਹੀ ਮਸ਼ਕਿਲਾਂ 'ਚ ਘਿਰਦੀ ਜਾਂਦੀ ਹੈ। ਹੁਣ ਇੱਕ ਵਾਰ ਮੁੜ ਤੋਂ ਕੰਗਨਾ ਨੇ ਕਿਸਾਨਾਂ ਦੇ ਖਿਲਾਫ਼ ਬਿਆਨ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨਾਂ ਅਤੇ ਸਿਆਸੀ ਲੀਡਰਾਂ 'ਚ ਬਹੁਤ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।ਕੰਗਨਾ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣਾ ਚਾਹੀਦਾ ਹੈ। ਕਿਸਾਨਾਂ ਆਗੂਆਂ ਵੱਲੋਂ ਕੰਗਨਾ ਰਣੌਤ ਦੇ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਕੰਗਨਾ 'ਚ ਕੌਣ ਬੋਲ ਰਿਹਾ?
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਨਾ ਰਣੌਤ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ ਕਿ "ਭਾਜਪਾ ਜਾਣਬੁੱਝ ਕੇ ਕੰਗਨਾ ਨੂੰ ਗਿਣੇ ਮਿੱਥੇ ਬਿਆਨ ਦੇਣ ਲਈ ਆਖ ਰਹੀ ਹੈ। ਜਿਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਹਟੇ, ਉੱਥੇ ਹੀ ਕੰਗਨਾ ਰਣੌਤ ਵੱਲੋਂ ਦੁਬਾਰਾ ਉਸ ਕਾਨੂੰਨ ਨੂੰ ਲਿਆਉਣ ਲਈ ਮੰਗ ਕਰੇ।ਇਹ ਸਾਰਾ ਕੁੱਝ ਪਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਵਿਊਂਤਬੰਦੀ ਤਹਿਤ ਬਿਆਨਬਾਜ਼ੀ ਕਰਵਾ ਰਹੀ ਹੈ। ਇੱਕ ਪਾਸੇ ਤਿੰਨ ਕਾਲੇ ਕਾਨੂੰਨਾਂ ਲਈ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਹੈ ਜਦਕਿ ਹੁਣ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਾਲੇ ਕਾਨੂੰਨਾਂ ਨੂੰ ਲਿਆਉਣ ਲਈ ਮੰਗ ਕੀਤੀ ਜਾ ਰਹੀ ਹੈ।