ਹੁਸ਼ਿਆਰਪੁਰ:ਸ਼ਹਿਰ ਦੇ ਡੀਏਵੀ ਕਾਲਜ ਵਿੱਚ ਅੱਜ ਇੰਟਰ-ਜ਼ੋਨਲ ਯੂਥ ਫੈਸਟੀਵਲ ਤੇ ਵਿਰਾਸਤੀ ਫੈਸਟੀਵਲ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸੀਐਮ ਦਾ ਖਾਸ ਕਰਮਜੀਤ ਅਨਮੋਲ ਵੀ ਮੌਜੂਦ ਰਹੇ। ਪ੍ਰੋਗਰਾਮ ਮੌਕੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਵਿਚ ਫਿਲਮਾਂ ਦੇ ਵਿਚ ਵੀ ਇਕੱਠੇ ਕੰਮ ਕੀਤਾ। ਉਸ ਵੇਲੇ ਅਸੀਂ ਇਕੱਠੇ ਸੰਤ ਰਾਮ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ, 'ਤੂੰ ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ।'
"ਕੁਦਰਤ ਬਹੁਤ ਵੱਡੀ ਚੀਜ਼, ਕਦੇ ਸੋਚਿਆ ਨਹੀਂ ਸੀ ਕਿ ਜਿਸ ਯੂਥ ਫੈਸਟੀਵਲ ਦੀਆਂ ਸਟੇਜਾਂ 'ਤੇ ਜੱਜ ਦੇ ਅੰਤਿਮ ਫ਼ੈਸਲੇ ਦੀ ਅਸੀਂ ਉਡੀਕ ਕਰਦੇ ਸੀ, ਉਸ ਸਟੇਜ 'ਤੇ ਕਦੇ ਮੁੱਖ ਮਹਿਮਾਨ ਬਣਕੇ ਵੀ ਜਾਵਾਂਗੇ।"
- ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਵਿਦਿਆਰਥੀਆਂ ਨੂੰ ਵਧਾਈ
ਇਸ ਮੌਕੇ ਭਗਵੰਤ ਮਾਨ ਨੇ ਡੀਏਵੀ ਕਾਲਜ ਦੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇੱਥੇ ਬੁਲਾਇਆ ਅਤੇ ਰੂਬਰੂ ਹੋਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹੁਨਰਾਂ ਨੂੰ ਸਮਝ ਕੇ ਜੱਜਮੈਂਟ ਦੇਣ ਵਾਲੇ ਜੱਜਾਂ ਦਾ ਵੀ ਧੰਨਵਾਦ। ਸੀਐਮ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਟੇਜਾਂ ਮੇਰੇ ਲਈਆਂ ਨਵੀਆਂ ਨਹੀਂ ਹਨ। ਮੈਂ ਵੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਟਰ ਕਾਲਜ ਤੇ ਜ਼ੋਨਲ ਯੂਥ ਫੈਸਟੀਵਲਾਂ ਦੇ ਪ੍ਰੋਡਕਸ਼ਨ ਹਾਂ। ਕਰਮਜੀਤ ਅਨਮੋਲ, ਤੇਜੀ ਤੇ ਗਿੱਲ ਇੱਕਠੇ ਹੁੰਦੇ ਸੀ। ਅਸੀ ਵੀ ਉਦੋਂ ਕੋਈ ਵੀ ਮੁਕਾਬਲਾ ਛੱਡਦੇ ਨਹੀਂ ਸੀ।ਸੀਐਮ ਮਾਨ ਨੇ ਕਿਹਾ ਕਿ ਸਟੇਜ ਉੱਤੇ ਬੈਸਟ ਉਮਰ ਵਿੱਚ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ।
ਹੁਨਰ ਦੀ ਪਰਖ ਕਰੋ
ਸੀਐਮ ਮਾਨ ਨੇ ਵਿਦਿਆਰਥੀਆਂ ਨੂੰ ਕਿਹਾ ਆਪਣੇ ਇਰਾਦੇ ਮਜਬੂਤ ਰੱਖੋ, ਤਾਂ ਤੁਸੀ ਜੋ ਸੋਚਿਆ ਉਹ ਜ਼ਰੂਰ ਬਣੋਗੇ। ਉਨ੍ਹਾਂ ਨੇ ਕਿਹਾ ਆਪਣੇ ਅੰਦਰ ਫੁੱਟੋ, ਕਿ ਤੁਸੀ ਕੌਣ ਹੋ ਤੇ ਕੀ ਬਣੇਗਾ, ਬਾਹਰਲੀ ਫੋਰਸ ਤੈਅ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੋ ਬੱਚੇ ਅੱਜ ਜਿੱਤੇ, ਉਨ੍ਹਾਂ ਨੂੰ ਅੱਜ ਮਾਪੇ ਦੇਣਗੇ। ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਸੰਵਾਰਨਾ ਵੀ ਜ਼ਰੂਰੀ ਹੈ।