ਹੋਲਾ ਮਹੱਲਾ ਦਾ ਆਗਮਨ, ਐਮਰਜੈਂਸੀ ਵਿੱਚ ਸਿਹਤ ਸਹੂਲਤ ਨੂੰ ਲੈ ਕੇ ਤਿਆਰੀ ਸਖ਼ਤ ! ਰੂਪਨਗਰ:ਹੋਲੇ ਮਹੱਲੇ ਦੀ ਸ਼ੁਰੂਆਤ ਦੇ ਮੌਕੇ ਖਾਲਸਾ ਪੰਥ ਦੀ ਸਿਰਜਣਾ ਵਾਲੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਤਾਦਾਦ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ। ਸੰਗਤ ਨੂੰ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਤਖ਼ਤ ਸਾਹਿਬ ਪਹੁੰਚ ਕੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਕੀਤਾ ਹੁੰਦਾ ਹੈ। ਇਸ ਦੌਰਾਨ ਦੂਰੋਂ ਆਉਂਦੀ ਸੰਗਤ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਹੋਵੇ, ਇਸ ਲਈ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਲ੍ਹਾ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਵੱਡੀ ਗਿਣਤੀ ਵਿੱਚ ਸੰਗਤ ਹੁੰਦੀ ਨਤਮਸਤਕ:ਹੋਲੇ ਮੁਹੱਲੇ ਦੇ ਤਿਹਾਰ ਦੌਰਾਨ ਦੇਸ਼ ਅਤੇ ਵਿਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸੰਗਤ ਦੀ ਆਮਦ ਇਸ ਜਗ੍ਹਾ 'ਤੇ ਹੁੰਦੀ ਹੈ ਜਿਸ ਬਾਬਤ ਜਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬੰਦੋਬਸਤ ਕੀਤੇ ਜਾਂਦੇ ਹਨ। ਇਸੇ ਬਾਬਤ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਉਸ ਵਕਤ ਜਦੋਂ ਵੱਡੇ ਪੱਧਰ ਉੱਤੇ ਸੰਗਤ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀ ਹੈ, ਤਾਂ ਇਸ ਬਾਬਤ ਈਟੀਵੀ ਭਾਰਤ ਦੀ ਟੀਮ ਵੱਲੋਂ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਗਈ ਹੈ।
ਹੋਲਾ ਮਹੱਲਾ ਦਾ ਆਗਮਨ; ਐਕਸ਼ਨ 'ਚ ਰੋਪੜ ਪ੍ਰਸ਼ਾਸਨ ਐਮਰਜੈਂਸੀ ਲਈ ਸਹੂਲਤਾਂ ਦਾ ਪ੍ਰਬੰਧ: ਜ਼ਿਲਾ ਸਿਵਲ ਸਰਜਨ ਮਨੂ ਵਿਜ ਨੇ ਦੱਸਿਆ ਕਿ 400 ਦੇ ਕਰੀਬ ਸਿਹਤ ਵਿਭਾਗ ਦੇ ਕਰਮਚਾਰੀ ਮੌਕੇ ਉੱਤੇ ਮੌਜੂਦ ਰਹਿਣਗੇ। 24 ਘੰਟੇ ਕਰਮਚਾਰੀਆਂ ਦੀ ਤਿੰਨ ਸ਼ਿਫਟਾਂ ਵਿੱਚ ਡਿਊਟੀ ਲਗਾਈ ਗਈ ਹੈ। 20 ਦੇ ਕਰੀਬ ਐਂਬੂਲੈਂਸ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਤੇ 7 ਦੇ ਕਰੀਬ 108 ਐਬੂਲੈਂਸ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ, ਨੰਗਲ ਦੇ ਕੋਲ ਉਪਲਬਧ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਐਂਬੂਲੈਂਸਾਂ ਸੜਕੀ ਹਾਦਸੇ ਵਿੱਚ ਤੁਰੰਤ ਸਿਹਤ ਸਹੂਲਤ ਦੇਣ ਦੇ ਲਈ ਤੈਨਾਤ ਹੋਣਗੀਆਂ। 28 ਦੇ ਕਰੀਬ ਸਪੈਸ਼ਲਿਸਟ ਡਾਕਟਰ ਮੌਜੂਦ ਹੋਣਗੇ।
ਮਾਹਿਰ ਡਾਕਟਰਾਂ ਦੀ ਟੀਮ ਤੈਨਾਤ : ਸਿਹਤ ਵਿਭਾਗ ਦੇ ਸੀਨੀਅਰ ਅਫ਼ਸਰ ਜ਼ਿਲਾ ਰੂਪਨਗਰ ਦੇ ਮਨੁ ਵਿਜ ਨੇ ਦੱਸਿਆ ਕਿ ਵੱਡੇ ਪੱਧਰ ਉੱਤੇ ਜਦੋਂ ਸੰਗਤ ਨਤਮਸਤਕ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ, ਤਾਂ ਸਿਹਤ ਵਿਭਾਗ ਵੱਲੋਂ ਇਸ ਬਾਬਤ ਤਿਆਰੀਆਂ ਕਰ ਲਈਆਂ ਗਈਆਂ ਹਨ। 400 ਦੇ ਕਰੀਬ ਸਿਹਤ ਕਰਮਚਾਰੀ ਮੌਕੇ ਉੱਤੇ ਮੌਜੂਦ ਰਹਿਣਗੇ ਅਤੇ ਇਨ੍ਹਾਂ ਦੀਆਂ ਤਿੰਨ ਸ਼ਿਫਟਾਂ ਵਿੱਚ ਡਿਊਟੀ ਲਗਾਈ ਜਾਵੇਗੀ, ਜੋ ਕਿ 24 ਘੰਟੇ ਉਸ ਤਿਉਹਾਰ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਸੁਰੱਖਿਆ ਪ੍ਰਦਾਨ ਕਰਨਗੇ। ਇੰਨਾ ਹੀ ਨਹੀਂ, ਵੱਡੇ ਡਾਕਟਰਾਂ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਮਾਹਰ ਡਾਕਟਰ ਮੌਕੇ ਉੱਤੇ ਮੌਜੂਦ ਰਹਿਣਗੇ ਅਤੇ ਕਿਸੇ ਵੀ ਸਥਿਤੀ ਨਾਲ ਨਜਿਠਣ ਦੇ ਲਈ ਤਿਆਰ ਰਹਿਣਗੇ।
ਉਦਾਹਰਣ ਦੇ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਸਕਿਨ ਸਪੈਸ਼ਲਿਸਟ, ਅੱਖਾਂ ਦੇ ਸਪੈਸ਼ਲਿਸਟ, ਦੰਦਾਂ ਦੇ ਮਾਹਰ ਡਾਕਟਰ, ਦਿਲ ਦੇ ਮਾਹਰ ਡਾਕਟਰ ਮੌਕੇ ਉੱਤੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਸਮਾਂ ਬਾਕੀ ਹੈ ਅਤੇ ਇਨ੍ਹਾਂ ਪ੍ਰਬੰਧਾਂ ਨੂੰ ਹੋਰ ਵੀ ਪੁਖ਼ਤਾ ਕੀਤਾ ਜਾਵੇਗਾ, ਤਾਂ ਜੋ ਸਿਹਤ ਪੱਖੋਂ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਉਸ ਥਾਂ ਉੱਤੇ ਕਰਨਾ ਪਵੇ।