ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੱਲਦੇ ਹਰ ਇੱਕ ਸਿਆਸੀ ਪਾਰਟੀ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੀ ਹੈ। ਉਥੇ ਹੀ ਭਾਜਪਾ ਲਈ ਜਿਥੇ ਪੰਜਾਬ 'ਚ ਕਿਸਾਨ ਜਥੇਬੰਦੀਆਂ ਸਿਰਦਰਦੀ ਬਣਦੀਆਂ ਜਾ ਰਹੀਆਂ ਹਨ ਤਾਂ ਉਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਦੋ ਦਿਨਾਂ ਪੰਜਾਬ ਦੌਰੇ 'ਤੇ ਆਏ ਹਨ। ਜਿਥੇ ਉਨ੍ਹਾਂ ਵਲੋਂ ਬੀਤੇ ਦਿਨੀਂ ਪਟਿਆਲਾ'ਚ ਰੈਲੀ ਕੀਤੀ ਗਈ ਤਾਂ ਅੱਜ ਉਨ੍ਹਾਂ ਵਲੋਂ ਜਲੰਧਰ ਤੇ ਗੁਰਦਾਸਪੁਰ 'ਚ ਵੀ ਮਹਾਂ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ 'ਤੇ ਸਾਧਿਆ ਸੀ ਨਿਸ਼ਾਨਾ: ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਬੀਤੇ ਦਿਨੀਂ ਪਟਿਆਲਾ 'ਚ ਜਿਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸੀਆਂ ਤਾਂ ਉਥੇ ਹੀ ਵਿਰੋਧੀਆਂ 'ਤੇ ਵੀ ਜੰਮ ਕੇ ਨਿਸ਼ਾਨੇ ਸਾਧਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੂੰ ਕਾਗਜ਼ੀ ਮੁੱਖ ਮੰਤਰੀ ਤੱਕ ਕਹਿ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟ ਪਾਰਟੀ ਅਤੇ ਸਿੱਖ ਹਮਲੇ ਲਈ ਜਿੰਮੇਵਾਰ ਧਿਰ ਆਪਸ ਵਿੱਚ ਲੜਨ ਦਾ ਢੌਂਗ ਰਚ ਰਹੀ ਹੈ, ਪਰ ਸੱਚਾਈ ਇਹ ਹੈ ਕਿ ਦੋ ਧਿਰਾਂ ਹਨ ਪਰ ਦੁਕਾਨ ਇੱਕ ਹੀ ਹੈ।
ਸਿੱਖਾਂ ਨਾਲ ਦੱਸਿਆ ਸੀ ਖੂਨ ਦਾ ਰਿਸ਼ਤਾ: ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਸੀ ਕਿ ਅਫਗਾਨਿਸਤਾਨ 'ਚ ਕੀ ਹੋਇਆ ਸਭ ਨੂੰ ਪਤਾ ਹੈ। ਸਾਡੇ ਆਗੂ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ 'ਤੇ ਚੁੱਕ ਕੇ ਲਿਆਏ ਸਨ। ਮੇਰਾ ਤਾਂ ਤੁਹਾਡੇ ਨਾਲ ਖੂਨ ਦਾ ਨਾਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪੰਜ ਪਿਆਰੇ ਸਨ, ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੇ ਦਵਾਰਿਕਾ ਦਾ ਵੀ ਪੰਜ ਪਿਆਰਿਆਂ 'ਚ ਸ਼ਾਮਲ ਸਨ। ਜੇਕਰ ਤੁਸੀਂ ਅੱਜ ਜਾਮ ਨਗਰ ਵਿੱਚ ਜਾਂਦੇ ਹੋ ਤਾਂ ਉੱਥੇ ਸਭ ਤੋਂ ਵੱਡਾ ਹਸਪਤਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਹੈ, ਪਰ ਸੱਚਾਈ ਤੁਹਾਡੇ ਤੱਕ ਨਹੀਂ ਪਹੁੰਚਾਈ ਜਾਂਦੀ।
ਲੰਗਰ ਨੂੰ ਟੈਕਸ ਮੁਕਤ ਕਰਨ ਦੀ ਗੱਲ: ਉਥੇ ਹੀ ਪੀਐਮ ਮੋਦੀ ਨੇ ਕਿਹਾ ਸੀ ਕਿ ਮੈਂ ਜਿੰਨੀ ਸੇਵਾ ਕਰ ਸਕਦਾ ਸੀ, ਕੀਤੀ ਹੈ। ਅੱਜ ਕਰਤਾਰਪੁਰ ਸਾਹਿਬ ਸਾਡੇ ਸਾਹਮਣੇ ਹੈ। ਸਾਡੀ ਸਰਕਾਰ ਨੇ ਲੰਗਰ ਨੂੰ ਟੈਕਸ ਤੋਂ ਛੋਟ ਦਿੱਤੀ ਹੈ। ਪਹਿਲਾਂ ਦੀਆਂ ਸਰਕਾਰਾਂ ਵੀ ਅਜਿਹਾ ਕਰ ਸਕਦੀਆਂ ਸਨ। ਇਸ ਤੋਂ ਪਹਿਲਾਂ, ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਦੇਸ਼ਾਂ ਤੋਂ ਸ਼ਰਧਾਲੂ ਦਾਨ ਨਹੀਂ ਦੇ ਸਕਦੇ ਸਨ, ਪਰ ਮੋਦੀ ਨੇ ਇਸ ਦੇ ਨਿਯਮਾਂ ਵਿੱਚ ਢਿੱਲ ਦਿੱਤੀ। ਅੱਜ ਕੋਈ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਕਰ ਸਕਦਾ ਹੈ। ਇਹ ਮੋਦੀ ਸਰਕਾਰ ਹੀ ਹੈ ਜਿਸ ਨੇ ਸ਼ਾਹਿਬਜਾਦਿਆਂ ਲਈ ਵੀਰ ਬਾਲ ਦਿਵਸ ਦਾ ਐਲਾਨ ਕੀਤਾ ਹੈ, ਪਰ ਕੁਝ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਵੀਰ ਬਾਲ ਦਿਵਸ ਐਲਾਨਣ ਦਾ ਕੀ ਅਰਥ ਹੈ।
ਕਿਸਾਨ ਵਿਰੋਧ ਤੇ ਸੁਰੱਖਿਆ ਪ੍ਰਬੰਧ: ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਆ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਘੇਰ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸੇ ਤੋਂ ਪਟਿਆਲਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ। ਕਿਸਾਨ ਰੈਲੀ ਦਾ ਵਿਰੋਧ ਕਰਨ 'ਤੇ ਅੜੇ ਹੋਏ ਹਨ, ਜਦਕਿ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਪੁਲਿਸ ਦੇ ਨਾਲ-ਨਾਲ ਇੱਥੇ ਪੈਰਾਮਿਲਟ੍ਰੀ ਫੌਜੀ ਬਲ ਵੀ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਰੇਤ ਨਾਲ ਭਰੇ ਟਰੱਕਾਂ ਦੀ ਬੈਰੀਕੇਡਿੰਗ ਕੀਤੀ ਗਈ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਟਿਆਲਾ-ਰਾਜਪੁਰਾ ਹਾਈਵੇਅ ਨੂੰ ਬੰਦ ਕਰ ਦਿੱਤਾ।