ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਅੱਜ ਮਹਾਨ ਸਿੱਖ ਸਖ਼ਸ਼ੀਅਤਾਂ ਦੀਆ ਤਸਵੀਰਾਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ’ਚ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲੇ, ਹਰਚਰਨ ਸਿੰਘ ਮਹਾਲੋ ਸਾਬਕਾ ਜਥੇਦਾਰ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਅਤੇ ਅੱਲ੍ਹਾ ਯਾਰ ਖ਼ਾਂ ਜੋਗੀ ਦੀਆਂ ਤਸਵੀਰਾਂ ਸ਼ਾਮਲ ਹਨ। ਇਸ ਮੌਕੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਤੋਂ ਬਾਅਦ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਇੰਨ੍ਹਾਂ ਮਹਾਨ ਸ਼ਖਸ਼ੀਅਤਾਂ ਬਾਰੇ ਸੰਬੋਧਨ ਕੀਤਾ ਅਤੇ ਕੌਮ ਨੂੰ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਮਹਾਨ ਅਜਾਇਬ ਘਰ ‘ਚ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੇ ਸਿੱਖ ਕੌਮ ਅਤੇ ਸਿੱਖ ਪੰਥ ਦੀ ਚੜ੍ਹਦੀਕਲਾ ਦੇ ਲਈ ਚੰਗੇ ਕੰਮ ਕੀਤੇ ਹੋਣ। ਉਹ ਬਹੁਤ ਹੀ ਮਹਾਨ ਲੋਕ ਹੁੰਦੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਇਸ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਤਸਵੀਰਾਂ ਅੱਜ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਸਿੱਖ ਕੌਮ ਦੇ ਲਈ ਬਹੁਤ ਹੀ ਵਡਮੁੱਲੀ ਦੇਣ ਹੈ, ਜਿਸ ਨਾਲ ਉਨ੍ਹਾਂ ਦਾ ਇਤਿਹਾਸ, ਉਨ੍ਹਾਂ ਵਲੋਂ ਕੀਤੇ ਕਾਰਜਾਂ ਅਤੇ ਉਪਲਬਧੀਆਂ ਆਉਣ ਵਾਲੀ ਪੀੜ੍ਹੀ ਨੂੰ ਦਿਖਾਇਆ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇਨ੍ਹਾਂ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਅੱਜ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਜਾ ਰਹੀਆਂ ਹਨ ਜੋ ਲੋਕ ਇੱਥੇ ਆ ਕੇ ਇਨ੍ਹਾਂ ਦੀਆਂ ਤਸਵੀਰਾਂ ਨੂੰ ਦੇਖਣਗੇ ਅਤੇ ਇਨ੍ਹਾਂ ਵੱਲੋਂ ਕੌਮ ਦੇ ਲਈ ਕੀਤੇ ਮਹਾਨ ਕੰਮਾਂ ਨੂੰ ਪੜ੍ਹਨਗੇ। ਉਹਨਾਂ ਕਿਹਾ ਕਿ ਇਹ ਕੌਮ ਦੇ ਯੋਧੇ ਰਹੇ ਹਨ ਜੋ ਜੁੱਗਾਂ-ਜੁੱਗਾਂ ਤੱਕ ਅਮਰ ਰਹਿਣਗੇ।
ਬ੍ਰਹਮ ਗਿਆਨੀ ਬਾਬਾ ਬਜ਼ਾਰਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲੇ:ਸੰਤ ਹਜ਼ਾਰਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਨੇ ਬਾਬਾ ਜੀਵਨ ਸਿੰਘ ਖਾਲਸਾ ਜੀ ਨਾਲ ਸੇਵਾ ਸ਼ੁਰੂ ਕੀਤੀ ਅਤੇ ਕਈ ਗੁਰਧਾਮਾਂ ਦੀ ਉਸਾਰੀ ਵੀ ਕੀਤੀ। ਗੁਰੂ ਕਾ ਬਾਗ ਦੀ ਉਸਾਰੀ ਵੀ ਬਾਬਾ ਹਜ਼ਾਰਾ ਸਿੰਘ ਵੱਲੋਂ ਕੀਤੀ ਗਈ ਅਤੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਅੱਜ ਇਹਨਾਂ ਦੀ ਮਹਾਨ ਸ਼ਖਸ਼ੀਅਤ ਦੀ ਤਸਵੀਰ ਕੇਂਦਰੀ ਸਿੱਖ ਅਜ਼ਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ। ਇਸ ਮੌਕੇ ਕਈ ਸੰਪਰਦਾਵਾਂ ਦੇ ਮੁਖੀ ਹਾਜ਼ਰ ਰਹੇ।
ਹਰਚਰਨ ਸਿੰਘ ਮਹਾਲੋ ਸਾਬਕਾ ਜਥੇਦਾਰ ਕੇਸਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ :ਹਰਚਰਨ ਸਿੰਘ ਮਹਾਲੋ ਸਾਬਕਾ ਜਥੇਦਾਰ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਜਿਨਾਂ ਨੇ 1980 ਤੋਂ 1987 ਤੱਕ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵਜੋਂ ਸੇਵਾ ਨਿਭਾਈ। ਆਪ ਜੀ ਨੇ ਘੱਲੂਘਾਰਾ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ, ਨਾਲ ਹੀ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਆਪ ਨੇ ਐਸਜੀਪੀਸੀ ਦੇ ਮੈਂਬਰ ਵਜੋਂ ਲੰਮਾ ਸਮਾਂ ਰਹਿ ਕੇ ਸੇਵਾ ਨਿਭਾਈ। ਇਸ ਮੌਕੇ ਹਰਚਰਨ ਸਿੰਘ ਦਾ ਮਹਾਲੋ ਦਾ ਪਰਿਵਾਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਇਆ। ਇਸ ਮੌਕੇ ਹਰਚਰਨ ਸਿੰਘ ਮਹਾਲੋ ਦੇ ਸਪੁੱਤਰ ਨੇ ਦੱਸਿਆ ਕਿ ਉਹਨਾਂ ਬਹੁਤ ਹੀ ਸਾਦਾ ਜੀਵਨ ਬਤੀਤ ਕੀਤਾ ਅਤੇ ਉਹਨਾਂ ਨੇ ਗੁਰੂ ਦੇ ਲੜ ਲੱਗ ਕੇ ਨਿਸ਼ਕਾਮ ਸੇਵਾ ਕੀਤੀ ਹੈ। ਅੱਜ ਅਜਾਇਬ ਘਰ ਵਿੱਚ ਤਸਵੀਰਾਂ ਸੁਸ਼ੋਭਿਤ ਹੋਣ ਤੋਂ ਬਾਅਦ ਉਹਨਾਂ ਐਸਜੀਪੀਸੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪਦਮ ਸ਼੍ਰੀ ਪੁਰਸਕਾਰ ਪ੍ਰੋਫੈਸਰ ਕਰਤਾਰ ਸਿੰਘ:ਪਦਮ ਸ਼੍ਰੀ ਪੁਰਸਕਾਰ ਪ੍ਰੋਫੈਸਰ ਕਰਤਾਰ ਸਿੰਘਂ ਜਿੰਨ੍ਹਾਂ ਨੂੰ 2021 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਦੱਸ ਦਈਏ ਕਿ ਪ੍ਰੋ. ਕਰਤਾਰ ਸਿੰਘ ਗੁਰਮਤਿ ਸਬੰਧੀ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ। ਪ੍ਰੋਫੈਸਰ ਕਰਤਾਰ ਸਿੰਘ ਦਾ ਜਨਮ 1928 ਵਿੱਚ ਲਾਹੌਰ ਜ਼ਿਲ੍ਹੇ ਦੇ ਪਿੰਡ ਘੁੰਮਣਕੇ ਵਿੱਚ ਹੋਇਆ। ਉਨ੍ਹਾਂ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਭਾਈ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰ ਵਾਲਿਆਂ ਤੋਂ ਪ੍ਰਾਪਤ ਕੀਤੀ ਅਤੇ ਤਬਲਾ ਵਾਦਕ ਭਾਈ ਦਲੀਪ ਸਿੰਘ, ਬਲਵੰਤ ਰਾਏ ਜਸਵਾਲ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਸਿੱਖਿਆ। ਹੁਣ ਤੱਕ ਕਈ ਰਾਗੀ ਸਿੰਘਾਂ ਨੂੰ ਸੰਗੀਤ ਦੀ ਉੱਚ ਪੱਧਰੀ ਸਿੱਖਿਆ ਦਿੱਤੀ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਚ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।
ਇਨ੍ਹਾਂ ਪੁਰਸਕਾਰਾਂ ਨਾਲ ਹੋਏ ਸਨ ਸਨਮਾਨਿਤ
1. ਸੰਗੀਤ ਨਾਟਕ ਅਕਾਦਮੀ ਦਾ ਟੈਗੋਰ ਰਤਨ ਐਵਾਰਡ
2. ਰਾਸ਼ਟਰਪਤੀ ਵਲੋਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਪੁਰਸਕਾਰ ਪ੍ਰਾਪਤ
3. ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਭਾਈ ਮਰਦਾਨਾ ਐਵਾਰਡ