ਪਰਨੀਤ ਕੌਰ , ਉਮੀਦਵਾਰ ਭਾਜਪਾ ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ 24 ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਨੌਰਦਨ ਬਾਈਪਾਸ ਪ੍ਰਾਜੈਕਟ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਈ ਗਈ ਜ਼ਮੀਨ ਦੇ ਮੁੱਦੇ 'ਤੇ ਸਿਆਸਤ ਕਰਨ ਲਈ ਝਾੜ ਪਾਈ। ਪ੍ਰਨੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਸਬੰਧੀ ਰਾਜਨੀਤੀ ਕਰ ਰਹੇ ਹਨ, ਜਿਸ ਕਾਰਨ ਉਹ ਸਾਰੇ ਦਸਤਾਵੇਜ਼ ਲੈ ਕੇ ਆਏ ਹਨ ਅਤੇ ਉਨ੍ਹਾਂ ਨੂੰ ਨੰਗਾ ਕਰ ਰਹੇ ਹਨ।
ਰਾਜਨੀਤੀ ਕਰਨਾ ਬਿਲਕੁਲ ਗਲਤ: ਉਨ੍ਹਾਂ ਕਿਹਾ ਕਿ ਮੈਂ ਦੋ ਵਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕਿਸਾਨਾਂ ਦੀ ਮੁਲਾਕਾਤ ਕਰਵਾ ਚੁੱਕੀ ਹਾਂ, ਕੇਂਦਰ ਆਪਣਾ 50 ਫੀਸਦੀ ਪੈਸਾ ਦੇਣ ਲਈ ਤਿਆਰ ਹੈ ਪਰ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਨਹੀਂ ਦਿੱਤਾ ਅਤੇ ਮੈਂ ਕਈ ਵਾਰ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਵੀ ਲਿਖਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਰਾਜਨੀਤੀ ਕਰਨਾ ਬਿਲਕੁਲ ਗਲਤ ਹੈ।
ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਬੀਤੇ ਦਿਨ ਕਿਹਾ ਸੀ ਕਿ ਲੋਕ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਪਿਛਲੇ ਦੋ ਸਾਲਾਂ ਤੋਂ ਸਰਕਾਰਾਂ ਨਾਲ ਗੇੜੇ ਮਾਰ ਰਹੇ ਹਨ, ਪਰ ਹੁਣ ਤੱਕ ਇਨ੍ਹਾਂ ਨੂੰ ਬਣਦਾ ਪੈਸੇ ਵੀ ਪੈਸੇ ਨਹੀਂ ਮਿਲੇ। ਜਿਸ ਕਾਰਨ ਇਨ੍ਹਾਂ ਕਿਸਾਨਾਂ ਨੂੰ ਵੀ ਘਾਟਾ ਪੈ ਰਿਹਾ ਹੈ। ਐੱਨਕੇ ਸ਼ਰਮਾ ਨੇ ਕਿਹਾ ਸੀ ਕਿ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਉਹ ਕਿਸਾਨਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਤਕਾਲੀ ਸਰਕਾਰ 'ਤੇ ਇਲਜ਼ਾਮ ਲਗਾਏ ਅਤੇ ਪ੍ਰਨੀਤ ਕੌਰ 'ਤੇ ਵੀ ਨਿਸ਼ਾਨਾ ਸਾਧਿਆ ਸੀ।
ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ: ਦੱਸ ਦੇਈਏ ਕਿ 2 ਸਾਲ ਪਹਿਲਾਂ ਉੱਤਰੀ ਬਾਈਪਾਸ ਲਈ 24 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਤੇ ਉਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣੇ ਸਨ, ਪਰ ਉਸ ਤੋਂ ਬਾਅਦ ਇਹ ਕੰਮ ਲਟਕ ਗਿਆ ਸੀ। ਅਤੇ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਕਾਰਨ ਹੁਣ ਪਾਰਟੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਮੁੱਦੇ 'ਤੇ ਪੂੰਜੀ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।