ਬਠਿੰਡਾ :ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰਨ ਦੇ ਜਿੱਥੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਫਸਲ ਦਾ ਦਾਣਾ ਦਾਣਾ ਮੰਡੀਆਂ ਵਿੱਚੋਂ ਚੁੱਕਿਆ ਜਾਵੇਗਾ। ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ ਗਈ ਜਦੋਂ ਬਠਿੰਡਾ ਦੇ ਕਸਬਾ ਮੌੜ ਮੰਡੀ ਵਿਚਲੇ ਪਿੰਡ ਥੰਮਣਗੜ੍ਹ ਵਿਖੇ ਆੜਤੀਆਂ ਅਤੇ ਕਿਸਾਨਾਂ ਨੇ ਪਿਛਲੇ 15 ਦਿਨ੍ਹਾਂ ਵਿੱਚ ਲਿਫਟਿੰਗ ਨਾ ਹੋਣ ਦੇ ਇਲਜ਼ਾਮ ਲਾਏ ਹਨ। ਦੱਸ ਦੇਈਏ ਕਿ ਬਠਿੰਡਾ ਦੇ ਪਿੰਡ ਥੰਮਣਗੜ੍ਹ ਵਿਖੇ ਪਿਛਲੇ 15 ਦਿਨਾਂ ਤੋਂ ਝੋਨੇ ਲਿਫਟਿੰਗ ਨਹੀਂ ਹੋ ਰਹੀ ਹੈ। ਜਿਸ ਕਰਕੇ ਕਿਸਾਨ ਅਤੇ ਆੜਤੀਏ ਪਰੇਸ਼ਾਨ ਹਨ।
ਝੋਨੇ ਦੇ ਵੱਡੇ-ਵੱਡੇ ਅੰਬਾਰ
ਆੜਤੀਆਂ ਦਾ ਕਹਿਣਾ ਸੀ ਕਿ ਖਰੀਦ ਕੀਤੇ ਗਏ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ। ਜਿਸ ਕਾਰਨ ਮੰਡੀਆਂ ਵਿੱਚ ਵੱਡੇ-ਵੱਡੇ ਅੰਬਾਰ ਲੱਗੇ ਪਏ ਹਨ ਅਤੇ ਦੂਸਰੇ ਪਾਸੇ ਜਦੋਂ ਉਨ੍ਹਾਂ ਵੱਲੋਂ ਸੈਲਰ ਮਾਲਕਾਂ ਨੂੰ ਝੋਨਾ ਭੇਜਿਆ ਜਾਂਦਾ ਹੈ ਤਾਂ ਸੈਲਰ ਮਾਲਕਾਂ ਵੱਲੋਂ ਅਕਸਰ ਹੀ ਕਾਟ ਨੂੰ ਲੈ ਕੇ ਵਾਦ ਵਿਵਾਦ ਕੀਤਾ ਜਾਂਦਾ ਹੈ। ਜਿਸ ਕਾਰਨ ਆੜਤੀ ਅਤੇ ਕਿਸਾਨ ਪਰੇਸ਼ਾਨ ਹਨ। ਜਦੋਂ ਕਿਸਾਨਾਂ ਅਤੇ ਆੜਤੀਆਂ ਵੱਲੋਂ ਕਾਟ ਨੂੰ ਲੈ ਕੇ ਵਿਰੋਧ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਮੰਡੀ ਵਿੱਚ ਖਰੀਦ ਬੰਦ ਕਰ ਦਿੱਤੀ ਜਾਂਦੀ ਹੈ ਪਿਛਲੇ 15 ਦਿਨਾਂ ਤੋਂ ਉਨ੍ਹਾਂ ਦੀ ਮੰਡੀ ਵਿੱਚ ਖਰੀਦ ਨਹੀਂ ਕੀਤੀ ਗਈ ਹੈ। ਜਿਸ ਕਾਰਨ ਮੰਡੀ ਵਿੱਚ ਜਿੱਥੇ ਝੋਨੇ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ। ਉੱਥੇ ਹੀ ਆੜਤੀਆ ਕਿਸਾਨ ਅਤੇ ਲੇਬਰ ਪਰੇਸ਼ਾਨ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਝੋਨੇ ਦੀ ਲਿਫਟਿੰਗ ਕਰਵਾਈ ਜਾਵੇ ਕਿਉਂਕਿ ਜਿੰਨਾ ਸਮਾਂ ਝੋਨਾ ਮੰਡੀ ਵਿੱਚ ਰਹੇਗਾ ਤਾਂ ਉਸ ਦੇ ਖਰਾਬ ਹੋਣ ਦੇ ਆਸਾਰ ਵਧਣਗੇ। ਜਿਸ ਕਾਰਨ ਆੜਤੀਆਂ ਅਤੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।