ਅੰਮ੍ਰਿਤਸਰ:ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰੂ ਨਗਰੀ ਅੰਮ੍ਰਿਤਸਰ ਦੀ ਚਾਰ ਦੀਵਾਰੀ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਹਰਿਮੰਦਰ ਸਾਹਿਬ ਵਿੱਚ ਆ ਕੇ ਸੰਪੰਨ ਹੋਵੇਗਾ। ਦੱਸ ਦਈਏ ਕਿ ਰਸਤੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਵੱਲੋਂ ਫੁੱਲ਼ਾਂ ਦੀ ਵਰਖਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਬਾਕੀ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਧਿਕਾਰੀ ਵੀ ਮੌਜੂਦ ਸਨ। ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 19 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਭਲਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਸ ਦਾ ਭੋਗ 19 ਅਕਤੂਬਰ ਨੂੰ ਪਾਇਆ ਜਾਵੇਗਾ।
ਨਗਰ ਕੀਰਤਨ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ)) ਇਨ੍ਹਾਂ ਥਾਵਾਂ ਤੋਂ ਗੁਜ਼ਰੇਗਾ ਨਗਰ ਕੀਰਤਨ
ਉਥੇ ਹੀ ਇਸ ਮੌਕੇ ਪ੍ਰਤਾਪ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਗੁਰਪੁਰਬ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਪਲਾਜ਼ਾ ਘੰਟਾ ਘਰ, ਜ਼ਲ੍ਹਿਆਂਵਾਲਾ ਬਾਗ, ਘਿਓ ਮੰਡੀ ਚੌਕ, ਸ਼ੇਰਾਂ ਵਾਲ ਗੇਟ, ਮਹਾਂ ਸਿੰਘ ਗੇਟ, ਚੌਂਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖ਼ਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਕ, ਚਾਟੀਵਿੰਡ ਗੇਟ, ਸੁਲਤਾਨਵਿੰਡ ਗੇਟ, ਘਿਓ ਮੰਡੀ ਚੌਕ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਰਾਤ ਦੇ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ/ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਹੋਵੇਗਾ।
ਲ਼ੰਗਰ ਸੇਵਾ ਦਾ ਪ੍ਰਬੰਧ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ)) ਲੰਗਰ ਸੇਵਾ
ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਾਰ ਸੇਵਾ ਸੰਪਰਦਾਇ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਾਰ ਸੇਵਾ ਸੰਪਰਦਾਇ ਕਿਲਾ ਆਨੰਦਗੜ੍ਹ ਦੇ ਸੇਵਾਦਾਰ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਤੋਂ ਹੀ ਇੱਕ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਲੱਡੂਆਂ ਦਾ ਲੰਗਰ ਤੇ ਹਰ ਇੱਕ ਪ੍ਰਕਾਰ ਦਾ ਲੰਗਰ ਸੰਗਤਾਂ ਨੂੰ ਮਿਲੇਗਾ। ਉੱਥੇ ਹੀ ਉਹਨਾਂ ਕਿਹਾ ਕਿ ਦਿੱਲੀ ਤੋਂ ਵੀ ਸੰਗਤਾਂ ਲੰਗਰ ਲੈ ਕੇ ਆਈਆਂ ਹੋਈਆਂ ਹਨ। ਉਹਨਾਂ ਵੱਲੋਂ ਵੀ ਸ਼੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਲੰਗਰ ਲਗਾਏ ਜਾ ਰਹੇ ਹਨ। ਹੋਰ ਵੀ ਬਹੁਤ ਜਗ੍ਹਾ ਤੋਂ ਲੰਗਰ ਲੈ ਕੇ ਆਏ ਨੇ। ਉਹ ਵਡਭਾਗੀ ਨੇ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਤੇ ਦਰ 'ਤੇ ਆ ਕੇ ਨਮਸਕਾਰ ਕਰਨ ਵਾਸਤੇ ਆਏ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।