ਕਿਸਾਨ ਅਗੂਆਂਂ ਨੇ ਵੱਡੇ ਅਧਿਕਾਰੀਆਂ 'ਤੇ ਲਾਏ ਗੰਭੀਰ ਇਲਜ਼ਾਮ (ਫ਼ਤਹਿਗੜ੍ਹ ਸਾਹਿਬ ਪੱਤਰਕਾਰ) ਸ੍ਰੀ ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਦੀ ਅਗਵਾਈ ਹੇਠ ਕਿਸਾਨ ਮਸਲਿਆਂ ਤੇ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ 14 ਜ਼ਿਲਿਆਂ ਦੇ ਪ੍ਰਧਾਨ ਅਤੇ ਵਰਕਰ ਅਤੇ ਸੂਬਾ ਕਮੇਟੀ ਦੇ ਅਹੁਦੇਦਾਰ ਸ਼ਾਮਿਲ ਹੋਏ। ਉਥੇ ਹੀ ਕੋਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵਿਸ਼ੇਸ਼ ਤੌਰ ਪਹੁੰਚੇ। ਕਿਸਾਨ ਆਗੂ ਬਹਿਰੂ ਨੇ ਸਰਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮਾਰਕਫੈੱਡ ਦੇ ਕੁੱਝ ਆਲਾ ਅਫ਼ਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਦੋ ਉੱਚ ਅਧਿਕਾਰੀਆਂ ਨੇ ਡੀ ਏ ਪੀ ਖ਼ਾਦ ਬਣਾਉਣ ਵਾਲੀਆਂ ਕੰਪਨੀਆਂ ਤੋਂ ਮੋਟਾ ਕਮਿਸ਼ਨ ਲੈਕੇ ਕਿਸਾਨਾਂ ਤੱਕ ਨਕਲੀ ਖਾਦ ਭੇਜੀ ਹੈ।
ਡੀ ਏ ਪੀ ਖ਼ਾਦ ਬਣਾਉਣ ਵਾਲੀਆਂ ਕੰਪਨੀਆਂ ਤੋਂ ਲਏ ਮੋਟੇ ਪੈਸੇ :ਕਿਸਾਨ ਜਥੇਬੰਦੀ ਦੇ ਕੋਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਵੀ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਪਿਛਲੇ 7 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਜਥੇਬੰਦੀ ਨਾਲ ਜੁੜੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸਲਾਹ ਦਿੱਤੀ। ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਚੱਲ ਰਹੇ ਧਰਨਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਕਿਸਾਨ ਆਗੂ ਬਹਿਰੂ ਨੇ ਦੱਸਿਆ ਕਿ ਪਿਛਲੇ ਮਈ ਜੂਨ ਵਿੱਚ ਪੰਜਾਬ ਸਰਕਾਰ ਦੇ ਮਹਿਕਮੇ ਮਾਰਕਫੈੱਡ ਦੇ ਕੁੱਝ ਆਲ਼ਾ ਅਫ਼ਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਦੋ ਉੱਚ ਅਧਿਕਾਰੀਆਂ ਨੇ ਡੀ ਏ ਪੀ ਖ਼ਾਦ ਬਣਾਉਣ ਵਾਲੀਆਂ ਕੰਪਨੀਆਂ ਤੋਂ ਮੋਟੇ ਕਮਿਸ਼ਨ ਲੈਕੇ ਪੰਜਾਬ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਨਕਲੀ ਸਬਸਟੈਂਡਰਡ ਖ਼ਾਦ ਭੇਜ ਦਿੱਤਾ ਸੀ।
ਲਾਇਸੈਂਸ ਕੈਂਸਲ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ : ਇਹਨਾਂ ਕੰਪਨੀਆਂ ਦੇ ਡੀ ਏ ਪੀ ਖ਼ਾਦ ਦੇ ਸੈਂਪਲ ਵੱਡੀ ਪੱਧਰ ਤੇ ਫੇਲ ਹੋ ਗਏ ਸਨ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ 'ਤੇ ਖੇਤੀਬਾੜੀ ਮੰਤਰੀ ਅਤੇ ਪੰਜਾਬ ਸਰਕਾਰ ਦੇ ਸਬੰਧਤ ਉੱਚ ਅਧਿਕਾਰੀਆਂ ਨੂੰ ਲਿਖਤੀ ਰਜਿਸਟਰ ਲੈਟਰ ਲਿਖ ਕੇ ਮੰਗ ਕੀਤੀ ਸੀ ਕਿ ਸਬਸਟੈਂਡਰਡ ਡੀ ਏ ਪੀ ਖ਼ਾਦ ਬਣਾਉਣ ਵਾਲੀਆਂ 2 ਕੰਪਨੀਆਂ ਮੱਧਿਆ ਭਾਰਤ ਐਗਰੋ ਪ੍ਰਾਡਕਟਸ ਲਿਮਟਿਡ ਤੇ ਮੈਸਰਜ਼ ਕ੍ਰਿਸ਼ਨ ਫੋਇਸਕੈਮ ਪ੍ਰਾਈਵੇਟ ਲਿਮਟਿਡ ਦੇ ਲਾਇਸੈਂਸ ਕੈਂਸਲ ਕਰਕੇ ਕਿਸਾਨਾਂ ਨਾਲ ਧ੍ਰੋਹ ਕਮਾਉਣ ਵਾਲੀਆਂ ਕੰਪਨੀਆਂ ਦੇ ਮਾਲਕਾਂ ਅਤੇ ਸਬੰਧਿਤ ਮਾਰਕਫੈੱਡ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਖ਼ਿਲਾਫ਼ ਧੋਖਾਧੜੀ ਦੇ ਮੁਕੱਦਮੇ ਦਰਜ ਕੀਤੇ ਜਾਣ। ਪਰ ਜੱਥੇਬੰਦੀ ਨੂੰ ਪਤਾ ਲੱਗਿਆ ਹੈ ਕਿ ਇਸ ਨੰਗੇ ਹੋਏ ਬੁਹ ਕਰੋੜੀ ਖ਼ਾਦ ਘੋਟਾਲੇ ਨੂੰ ਭਿ੍ਸਟ ਅਧਿਕਾਰੀ ਦਬਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਜਿਸ ਦਾ ਮੀਟਿੰਗ ਵਿੱਚ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੂੰ ਮੀਡੀਆ ਰਾਹੀਂ ਇੱਕ ਮਹੀਨੇ ਦਾ ਨੋਟਿਸ ਦਿੰਦਿਆਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਅਤੇ ਖ਼ਾਦ ਬਣਾਉਣ ਵਾਲੀਆਂ ਕੰਪਨੀਆਂ ਦੇ ਖਿਲਾਫ ਤੁਰੰਤ ਮੁੱਕਦਮੇ ਦਰਜ਼ ਕੀਤੇ ਜਾਣ।
ਜੇਕਰ ਸਰਕਾਰ ਹਰਕਤ ਵਿੱਚ ਨਾ ਆਈ ਤਾਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਮਾਨਯੋਗ ਹਾਈਕੋਰਟ ਵਿਚ ਇਕ ਜਨਤਕ ਰਿੱਟ ਦਾਇਰ ਕਰ ਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰੇਗੀ ਮੀਟਿੰਗ ਵਿੱਚ ਇੱਕ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੀ ਪੰਜਾਬ ਕਮੇਟੀ ਭੰਗ ਕੀਤੀ ਗਈ ਹੈ ਅਤੇ ਜ਼ਿਲਾ ਕਮੇਟੀਆਂ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਸਾਰੀ ਟੀਮ ਕਿਸਾਨ ਮਸਲਿਆਂ ਤੇ ਆਪਣੀਆਂ ਸਰਗਰਮੀਆਂ ਜਾਰੀ ਰੱਖਣਗੀਆਂ ਅਤੇ ਮੀਟਿੰਗ ਵਿੱਚ ਇਹ ਵੀ ਸਰਬਸੰਮਤੀ ਬਣੀ ਕਿ ਪੰਜਾਬ ਕਮੇਟੀ ਦੀ ਨਵੀਂ ਚੋਣ 1 ਅਕਤੂਬਰ ਤੋਂ ਪਹਿਲਾਂ ਅਤੇ ਨਵੀਂ ਬਣੀ ਸੂਬਾ ਕਮੇਟੀ ਵਿੱਚ ਨੋਜਵਾਨਾਂ ਨੂੰ ਪਹਿਲ ਦਿੱਤੀ ਜਾਵੇ।