ਜਲੰਧਰ:ਬੀਤੇ ਦਿਨਾਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੱਤਰਕਾਰਾਂ ਵਲੋਂ ਭਾਜਪਾ ਆਗੂ ਰਵਨੀਤ ਬਿੱਟੂ ਬਾਰੇ ਸਵਾਲ ਕੀਤਾ। ਸਵਾਲ ਉੱਤੇ ਤੰਜ ਕੱਸਦਿਆ ਚੰਨੀ ਨੇ ਕਿਹਾ ਸੀ ਕਿ, 'ਨੀਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ, ਪਰ ਰਵਨੀਤ ਬਿੱਟੂ ਨਹੀ ਬਣ ਸਕਦਾ, ਕਿਸੇ ਸਿਆਣੇ ਬੰਦੇ ਦੀ ਗੱਲ ਕਰ ਲਓ।'
ਇਸ ਤੋਂ ਬਾਅਦ ਇਹ ਮਾਮਲਾ ਥੰਮਦਾ ਨਜ਼ਰ ਨਹੀਂ ਆ ਰਿਹਾ। ਹੁਣ ਤਾਜ਼ਾ ਵੀਡੀਓ ਸਾਹਮਣੇ ਆਈ ਜਿਸ ਵਿੱਚ ਖੁਦ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ, 'ਪੂਰੀ ਸਟੇਟਮੈਂਟ ਮੇਰੇ ਕੋਲ ਸੀ, ਮੈਂ ਸੀਐਮ ਨਹੀ, ਪੀਐਮ ਬਣਨਾ ਚਾਹੁੰਦਾ ਹਾਂ।'
ਨੀਟੂ ਸ਼ਟਰਾਂ ਵਾਲੇ ਨੇ ਚੰਨੀ ਦੇ ਬਿਆਨ ਦਾ ਦਿੱਤਾ ਜਵਾਬ (Etv Bharat (ਪੱਤਰਕਾਰ, ਜਲੰਧਰ)) 'ਅਸੀ ਸਿੱਧਾ ਪੀਐਮ ਬਣਾਂਗੇ, ਛੋਟੇ ਅਹੁਦੇ ਉੱਤੇ ਕਿਉ ਜਾਈਏ'
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਜੇਕਰ ਮੈਂ ਨਹੀਂ ਤਾਂ, ਮੇਰਾ ਮੁੰਡਾ ਵੱਡਾ ਹੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਛੋਟੇ ਅਹੁਦੇ ਨੂੰ ਹੱਥ ਨਹੀ ਪਾਉਣਾ, ਵੱਡੇ ਅਹੁਦੇ ਦੇਖਾਂਗੇ। ਉਸ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਇੰਨੀ ਵਧ ਗਈ ਹੈ ਕਿ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਉਣੀ। ਰਾਸ਼ਨ ਤੋਂ ਲੈ ਕੇ ਟੋਲ ਟੈਕਸ ਤੱਕ ਮਹਿੰਗੇ ਹੋ ਗਏ ਹਨ। ਅੱਜ ਤੱਕ ਕਿਸੇ ਵਿਧਾਇਕ ਨੇ ਨਹੀ ਕਿਹਾ।
ਮੈਂ ਜ਼ਿਆਦਾ ਨਹੀਂ, 4 ਘੰਟਿਆ ਲਈ ਪੀਐਮ ਬਣਨਾ, ਬਸ ਫਿਰ ਇੰਡੀਆ ਅਮੀਰ ਕਰਕੇ, ਆਪਣੇ ਦੇਸ਼ ਵਿੱਚ ਵਾਪਸ ਆ ਜਾਣਾ। ਸਾਡਾ ਦੇਸ਼ ਅਮਰੀਕਾ, ਇੰਗਲੈਡ ਤੇ ਕੈਨੇਡਾ ਤੋਂ ਅੱਗੇ ਹੈ। ਬਸ ਰਾਜਨੀਤੀ ਸਾਡੇ ਦੇਸ਼ ਨੂੰ ਮਾਰਦੀ ਹੈ। ਬਾਕੀ ਚੰਨੀ ਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਕਿਹਾ ਕਿ ਮੈਨੂੰ ਸੀਐਮ ਬਣਾਓ, ਪਰ ਚੰਨੀ ਜੀ ਮੈਂ ਸੀਐਮ ਨਹੀਂ, ਪੀਐਮ ਬਣਨਾ ਚਾਹੁੰਦਾ।
- ਨੀਟੂ ਸ਼ਟਰਾਂ ਵਾਲਾ
'ਸਾਨੂੰ ਤਾਂ ਨਹੀ ਮਿਲੀ ਨੌਕਰੀ, ਇਹ ਫੜਾ ਜ਼ਿਆਦਾ ਮਾਰਦੇ'
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿਪੰਜਾਬ ਦੇ ਸੀਐਮ ਨੇ ਦਿੱਤੀਆਂ ਹੋਣਗੀਆਂ ਨੌਕਰੀਆਂ, ਪਰ ਸਾਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ। ਇਹ ਫੜਾ ਜ਼ਿਆਦਾ ਮਾਰਦੇ ਨੇ। ਕਿਸੇ ਆਮ ਸ਼ਰੀਫ ਬੰਦੇ ਨੂੰ ਵੋਟ ਪਾ ਕੇ ਜਿਤਾਓ, ਸਿਰਫ ਇਕ ਮੌਕਾ ਦਿਓ, ਭਾਰਤ ਦੇਸ਼ ਦੇ ਲੋਕ ਵੀ ਯਾਦ ਕਰਨਗੇ ਕਿ ਕਿਸੇ ਨੂੰ ਮੌਕਾ ਦਿੱਤਾ ਸੀ।
ਨੀਟੂ ਸ਼ਟਰਾਂ ਵਾਲਾ (Etv Bharat (ਗ੍ਰਾਫਿਕਸ ਟੀਮ)) ਕੌਣ ਹੈ ਨੀਟੂ ਸ਼ਟਰਾਂ ਵਾਲਾ ?
ਨੀਟੂ ਸ਼ਟਰਾਂ ਵਾਲਾ ਅਸਲ 'ਚ ਜਲੰਧਰ ਦਾ ਰਹਿਣ ਵਾਲਾ ਲੋਹਾ ਕਾਰੀਗਰ ਹੈ। ਉਸ ਦੀ ਉਮਰ 39 ਸਾਲ ਦੀ ਹੈ। ਨੀਟੂ ਨੇ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਕਿਸਮਤ ਅਜ਼ਮਾਈ ਸੀ। ਜੋ ਕਿ ਚੋਣ ਜਿੱਤਣ ਕਾਰਨ ਨਹੀਂ, ਸਗੋਂ ਹਾਰ ਕਾਰਨ ਸੁਰਖੀਆਂ 'ਚ ਆਇਆ ਸੀ। ਸੋਸ਼ਲ ਮੀਡੀਆ 'ਤੇ ਨੀਟੂ ਉਸ ਸਮੇਂ ਵਾਇਰਲ ਹੋਇਆ ਜਦੋਂ ਹਾਰਨ ਮਗਰੋਂ ਉਹ ਫੁੱਟ-ਫੁੱਟ ਰੋਇਆ ਅਤੇ ਉਸ ਨੇ ਆਖਿਆ ਕਿ ਉਸ ਨੂੰ ਸਿਰਫ਼ 5 ਹੀ ਵੋਟਾਂ ਪਈਆਂ। ਉਸ ਦੇ ਆਪਣੇ ਘਰ ਦੇ ਮੈਂਬਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ।
ਫਿਰ ਹੁਣ 2024 ਵਿੱਚ ਵੀ ਉਹ ਜਲੰਧਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਉਤਰੇ ਸੀ, ਜਿਸ ਦੌਰਾਨ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਜ਼ਿਮਨੀ ਚੋਣ ਦੇ ਵਿੱਚ ਮਹਿਜ਼ 236 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਇਹਨਾਂ ਚੋਣਾਂ ਵਿੱਚ ਜੇਤੂ ਰਹੇ ਸਨ।
ਜ਼ਿਕਰਯੋਗ ਹੈ ਕਿ ਨੀਟੂ ਸ਼ਟਰਾਂ ਵਾਲਾ ਜਿੰਨੀ ਵਾਰ ਵੀ ਚੋਣ ਮੈਦਾਨ ਵਿੱਚ ਖੜਾ ਹੋਇਆ, ਉਸ ਦੀ ਹਰ ਵਾਰ ਹੀ ਜ਼ਮਾਨਤ ਜ਼ਬਤ ਹੋਈ ਹੈ।
ਗਾਇਕ ਵੀ ਹੈ ਨੀਟੂ ਸ਼ਟਰਾਂ ਵਾਲਾ ...
ਨੀਟੂ ਸ਼ਟਰਾਂ ਵਾਲਾ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਇੰਸਟਾਗ੍ਰਾਮ 'ਤੇ ਨੀਟੂ ਸ਼ਟਰਾਂ ਵਾਲਾ ਦੇ 95 ਹਜ਼ਾਰ ਤੋਂ ਵੱਧ ਫਾਲੋਅਰ ਹਨ। ਉਸਨੇ ਆਪਣੇ ਕੋਲ ਜਾਇਦਾਦ 80 ਹਜ਼ਾਰ ਰੁਪਏ ਦੇ ਕਰੀਬ ਅਤੇ ਸੈਲਫ਼ ਇਨਕਮ 4.2 ਲੱਖ ਅਤੇ ਕੁੱਲ ਇਨਕਮ 9 ਲੱਖ ਰੁਪਏ ਹੈ। ਉਸ ਨੇ ਕਈ ਗੀਤ ਵੀ ਬਣਾਏ ਤੇ ਯੂਟਿਊਬ ਉੱਤੇ ਅਪਲੋਡ ਕੀਤੇ।