ਬਠਿੰਡਾ:14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਮਾਘੀ ਮੇਲੇ ਦੌਰਾਨ ਪੰਜਾਬ ਵਿੱਚ ਇੱਕ ਹੋਰ ਖੇਤਰੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ। ਫਿਲਹਾਲ ਇਸ ਸਿਆਸੀ ਪਾਰਟੀ ਦਾ ਨਾਮ ਸਾਹਮਣੇ ਨਹੀਂ ਆਇਆ, ਪਰ ਸਿਆਸੀ ਪਾਰਟੀ ਬਣਨ ਨੂੰ ਲੈ ਕੇ ਪੰਜਾਬ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਬਠਿੰਡਾ ਵਿਖੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਅਤੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਲੋਕਾਂ ਨੂੰ 14 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੀ ਸਿਆਸੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਗਈ।
ਲੋਕਾਂ ਨੂੰ ਕੀਤੀ ਅਪੀਲ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ 14 ਤਰੀਕ ਮਾਘੀ ਵਾਲੇ ਦਿਨ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ, ਤਿੰਨ ਨਾਂ ਸਾਡੇ ਵੱਲੋਂ ਰਜਿਸਟਰੇਸ਼ਨ ਲਈ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਚੋਣ ਹੋਵੇਗੀ। ਉਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇਗਾ। ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਕੀਤੀ ਜਾ ਰਹ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਜਾ ਰਿਹਾ ਹੈ ਅਤੇ ਇਥੋਂ ਦੇ ਸਿਆਸਤਦਾਨ ਆਪਣੇ ਘਰ ਭਰਨ ਲੱਗੇ ਹੋਏ ਹਨ।
‘ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਸਿਆਸੀ ਪਾਰਟੀ ਦਾ ਆਗਾਜ਼’
ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਇਸ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਹਰ ਵਰਗ ਦਾ ਖਿਆਲ ਰੱਖੇਗਾ ਅਤੇ ਪੰਜਾਬ ਨੂੰ ਕਰਜੇ ਦੀ ਮਾਰ ਹੇਠੋਂ ਕੱਢੇਗੀ। ਪਿਛਲੇ ਦਿਨੀਂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਨਵੀਂ ਬਣ ਰਹੀ ਖੇਤਰੀ ਪਾਰਟੀ ਦੀ ਰਜਿਸਟਰੇਸ਼ਨ ਨੂੰ ਲੈ ਕੇ ਚੁੱਕੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਸ ਸੰਵਿਧਾਨ ਅਧੀਨ ਉਹਨਾਂ ਦੀ ਪਾਰਟੀ ਜਾਂ ਹੋਰਨਾਂ ਪਾਰਟੀਆਂ ਰਜਿਸਟਰਡ ਹੋਈਆਂ ਹਨ, ਅਸੀਂ ਵੀ ਉਸ ਸੰਵਿਧਾਨ ਅਧੀਨ ਆਪਣੀ ਪਾਰਟੀ ਰਜਿਸਟਰਡ ਕਰਵਾਵਾਂਗੇ। ਉਹਨਾਂ ਕਿਹਾ ਕਿ ਕੁਛ ਬੰਦਿਆਂ ਦੇ ਵੱਲੋਂ ਸਾਡੀ ਬਣਨ ਜਾ ਰਹੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਕਿਉਂਕਿ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਤੇ ਅਸੀਂ ਇਹਨਾਂ ਦੀ ਪੋਲ ਖੋਲ੍ਹਾਂਗੇ।