ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਜਾ ਵੜਿੰਗ (ETV BHARAT (ਪੱਤਰਕਾਰ, ਮਾਨਸਾ)) ਮਾਨਸਾ: ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਲੁਧਿਆਣਾ ਤੋਂ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੂਸਾ ਪਿੰਡ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਉੱਤੇ ਬਿਜਲੀ ਦਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਦਰਾਂ ਵਿੱਚ ਕੀਤੇ ਵਾਧੇ ਅਤੇ ਵਧਾਏ ਗਏ ਵੈਟ ਨੂੰ ਲੈ ਕੇ ਵੀ ਤੰਜ ਕੱਸੇ।
ਲਗਾਤਾਰ ਵੱਧ ਰਿਹਾ ਕਰਜ਼ੇ ਦਾ ਬੋਝ: ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ 'ਤੇ ਵੈਟ ਵਧਾਉਣ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਰਾਜਾ ਵੜਿੰਗ ਨੇ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ 'ਤੇ ਲਗਾਤਾਰ ਕਰਜ਼ੇ ਦਾ ਬੋਝ ਵੱਧ ਰਿਹਾ ਹੈ। ਪੰਜਾਬ ਦੀ ਇਨਕਮ ਘੱਟ ਅਤੇ ਖਰਚ ਜਿਆਦਾ ਹੈ। ਸਰਕਾਰ 900 ਕਰੋੜ ਤੋਂ ਜਿਆਦਾ ਆਪਣੇ ਇਸ਼ਤਿਹਾਰਾਂ 'ਤੇ ਖਰਚ ਕਰ ਰਹੀ ਹੈ, ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਅਧਿਕਾਰੀ ਵੀ ਹੱਥ ਖੜੇ ਕਰ ਗਏ ਹਨ।
ਸਰਕਾਰ ਹਰ ਚੀਜ਼ 'ਤੇ ਲਗਾ ਰਹੀ ਟੈਕਸ: ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਹਰ ਚੀਜ਼ 'ਤੇ ਟੈਕਸ ਲਗਾ ਰਹੀ ਹੈ। ਜਦੋਂ ਕਿ ਪੰਜਾਬ ਵਿੱਚ ਨਾ ਕੋਈ ਮੈਡੀਕਲ ਕਾਲਜ ਬਣਿਆ ਹੈ ਤੇ ਨਾ ਹੀ ਕੋਈ ਪੁਲ ਬਣਿਆ ਹੈ ਅਤੇ ਨਾ ਹੀ ਧਰਮਸ਼ਾਲਾ ਅਤੇ ਨਾ ਹੀ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ ਹੈ। ਪੰਜਾਬ 'ਤੇ ਲਗਾਤਾਰ ਕਰਜ ਵੱਧ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ।
ਚੰਗੀ ਸਰਕਾਰ ਅਤੇ ਚੰਗੇ ਪ੍ਰਸ਼ਾਸਨ ਦੀ ਲੋੜ:ਉਨ੍ਹਾਂ ਕਿਹਾ ਕਿ ਜ਼ਰੂਰਤ ਹੈ ਪੰਜਾਬ ਵਿੱਚ ਚੰਗੀ ਸਰਕਾਰ ਅਤੇ ਚੰਗਾ ਪ੍ਰਸ਼ਾਸਨ ਅਤੇ ਪੰਜਾਬ ਦੇ ਬਾਰੇ ਸੋਚਣ ਵਾਲੇ ਚੰਗੇ ਲੋਕਾਂ ਨੂੰ ਲਿਆਂਦਾ ਜਾਵੇ। ਜਿਸ ਦੇ ਚੱਲਦਿਆਂ ਪੰਜਾਬ ਅਤੇ ਉਸ ਦੀ ਖੁਸ਼ਹਾਲੀ ਨੂੰ ਬਚਾਇਆ ਸਕੇ। ਉਥੇ ਹੀ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਵਧਾਉਣ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਸਮੇਂ ਵਿਧਾਇਕਾਂ ਦੀ ਤਨਖਾਹ ਦੀ ਗੱਲ ਹੋਈ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ: ਇਸ ਮੌਕੇ ਉਹਨਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ 'ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਉਹਨਾਂ ਦਾ ਆਪਣਾ ਪਰਿਵਾਰ ਹੈ। ਜਦੋਂ ਵੀ ਸਮਾਂ ਮਿਲਦਾ ਹੈ ਤਾਂ ਸਿੱਧੂ ਦੇ ਪਿਤਾ ਦੇ ਕੋਲ ਮਿਲਣ ਦੇ ਲਈ ਚਲੇ ਆਉਂਦੇ ਹਨ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਦੇ ਲਈ ਪਹੁੰਚੇ ਹਨ ਅਤੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਕੇ ਦਿਲ ਹੌਲਾ ਹੋ ਜਾਂਦਾ ਹੈ।