MP ਰਾਜਾ ਵੜਿੰਗ ਦਾ ਮਾਨ ਸਰਕਾਰ 'ਤੇ ਨਿਸ਼ਾਨਾ (ETV BHARAT) ਲੁਧਿਆਣਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਟਾਫ ਦੀ ਭਰਤੀ ਅਤੇ ਡਾਕਟਰਾਂ ਦੀ ਕਮੀ ਨੂੰ ਲੈ ਕੇ ਧਰਨੇ 'ਤੇ ਬੈਠੇ ਕੁਝ ਸਮਾਜ ਸੇਵੀਆਂ ਵੱਲੋਂ ਰੱਖੀ ਗਈ ਭੁੱਖ ਹੜਤਾਲ ਤੁੜਵਾਉਣ ਦੇ ਲਈ ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਪਹੁੰਚੇ। ਜਿੱਥੇ ਉਹਨਾਂ ਨੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਸੀਨੀਅਰ ਹੈਲਥ ਮਹਿਕਮੇ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ।
ਵੜਿੰਗ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ: ਇਸ ਦੌਰਾਨ ਰਾਜਾ ਵੜਿੰਗ ਨੇ ਉਹਨਾਂ ਦੀਆਂ ਗੱਲਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਤੱਕ ਪਹੁੰਚਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਜੋ ਵੀ ਮੁਸ਼ਕਿਲਾਂ ਹਨ, ਉਹਨਾਂ ਦਾ ਹੱਲ ਜ਼ਰੂਰ ਹੋਵੇਗਾ। ਇਸ ਦੌਰਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ। ਇਸ ਦੌਰਾਨ ਉਹਨਾਂ ਐਮਰਜੈਂਸੀ ਵਾਰਡ ਦੇ ਨਾਲ ਓਪੀਡੀ ਸੈਂਟਰਾਂ ਦੀ ਵੀ ਚੈਕਿੰਗ ਕੀਤੀ।
ਸਿਵਲ ਹਸਪਤਾਲਾਂ ਦੇ ਹਾਲਾਤ ਬਹੁਤ ਖ਼ਰਾਬ:ਉਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਹਾਲਾਤ ਸਿਵਲ ਹਸਪਤਾਲਾਂ ਦੇ ਬਹੁਤ ਖਰਾਬ ਹਨ। ਉਹਨਾਂ ਕਿਹਾ ਕਿ ਪਹਿਲੇ ਸਾਲ ਹੀ ਸਿਹਤ ਮੰਤਰੀ ਨੇ ਵਿਧਾਨ ਸਭਾ 'ਚ ਇਹ ਵਾਅਦਾ ਕੀਤਾ ਸੀ ਕਿ ਇੱਕ ਸਾਲ ਦੇ ਵਿੱਚ ਉਹ ਸਿਵਲ ਹਸਪਤਾਲਾਂ ਦੀ ਦਸ਼ਾ ਸੁਧਾਰ ਦੇਣਗੇ, ਪਰ ਅੱਜ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਉਹਨਾਂ ਕਿਹਾ ਕਿ ਹਸਪਤਾਲਾਂ ਦੀ ਹਾਲਤ ਖਸਤਾ ਹੈ ਤੇ ਸਰਕਾਰ ਦਾ ਧਿਆਨ ਮਹੱਲਾ ਕਲੀਨਿਕ ਬਣਾਉਣ ਵੱਲ ਹੈ। ਜਦੋਂ ਕਿ ਸਿਵਲ ਹਸਪਤਾਲ ਦਾ ਬੁਰਾ ਹਾਲ ਹੈ।
ਸਮੇਂ ਤੋਂ ਪਹਿਲਾਂ ਮੁਲਾਜ਼ਮ ਹੋ ਰਹੇ ਸੇਵਾ ਮੁਕਤ: ਉੱਥੇ ਹੀ ਸ਼ਹਿਰੀ ਹਸਪਤਾਲਾਂ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਹ ਤਿਆਰ ਪਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਘੱਟ ਤਨਖਾਹ 'ਤੇ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਡੀਸੀ ਵੱਲੋਂ ਨਿਰਧਾਰਿਤ ਤਨਖਾਹ ਵੱਲੋਂ ਵੀ ਘੱਟ ਰੇਟ ਹਨ। ਉਹਨਾਂ ਕਿਹਾ ਕਿ ਇਹ ਮਸਲੇ ਗੰਭੀਰ ਹਨ, ਜਿੰਨਾਂ ਦਾ ਹੱਲ ਜ਼ਰੂਰੀ ਹੈ। ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਲੱਗਭਗ ਸਾਰੇ ਹੀ ਵਿਭਾਗਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋ ਰਹੇ ਹਨ। ਉਹ ਖੁਦ ਆਪਣੀ ਮਰਜ਼ੀ ਨਾਲ ਸੇਵਾ ਮੁਕਤੀ ਲੈ ਰਹੇ ਹਨ ਕਿਉਂਕਿ ਸਰਕਾਰ ਦੇ ਉੱਤੇ ਉਹਨਾਂ ਦਾ ਹੁਣ ਵਿਸ਼ਵਾਸ ਨਹੀਂ ਰਿਹਾ ਹੈ।
ਮੁਹੱਲਾ ਕਲੀਨਿਕ ਦੀ ਥਾਂ ਹਸਪਤਾਲ 'ਤੇ ਲਾਉਂਦੇ ਪੈਸਾ:ਸਾਂਸਦ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਜੋ ਕੁਝ ਕਿਹਾ ਸੀ, ਉਹ ਨਹੀਂ ਕੀਤਾ। ਇਸੇ ਕਰਕੇ ਲੋਕ ਪਰੇਸ਼ਾਨ ਨੇ ਤੇ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇੱਕ ਮਹੱਲਾ ਕਲੀਨਿਕ 'ਤੇ 18 ਤੋਂ 20 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਹੈ ਅਤੇ ਜੇਕਰ ਇਹੀ ਪੈਸੇ ਸਿਵਲ ਹਸਪਤਾਲਾਂ ਨੂੰ ਵਧੀਆ ਬਣਾਉਣ ਲਈ ਲਾਇਆ ਹੁੰਦਾ ਤਾਂ ਲੋਕਾਂ ਦਾ ਜਿਆਦਾ ਫਾਇਦਾ ਹੋਣਾ ਸੀ। ਉਹਨਾਂ ਕਿਹਾ ਕਿ ਇੱਕ ਵੀ ਏਮਸ ਵਰਗਾ ਜਾਂ ਪੀਜੀਆਈ ਵਰਗਾ ਹਸਪਤਾਲ ਨਵਾਂ ਪੰਜਾਬ 'ਚ ਨਹੀਂ ਬਣਿਆ।