ਪੰਜਾਬ

punjab

ETV Bharat / state

ਲੁਧਿਆਣਾ ਵਿੱਚ ਚੋਣ ਪ੍ਰਚਾਰ 'ਤੇ ਹੁਣ ਤੱਕ ਖਰਚਾ ਗਿਆ ਇੱਕ ਕਰੋੜ ਤੋਂ ਵੱਧ, ਰਿਪੋਰਟ 'ਚ ਵੇਖੋ ਕਿਸ ਪਾਰਟੀ ਨੇ ਖਰਚੇ ਸਭ ਤੋਂ ਵੱਧ ਪੈਸੇ - crore spent on election campaign

ਲੁਧਿਆਣਾ ਦੀ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਨੇ ਚੋਣ ਪ੍ਰਚਾਰ ਦੌਰਾਨ ਪਾਰਟੀਆਂ ਵੱਲੋਂ ਖਰਚ ਕੀਤੀ ਰਕਮ ਦਾ ਵੇਰਵਾ ਸਾਂਝਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਹਰ ਇੱਕ ਪੱਖ ਨੂੰ ਤਫਸੀਲ ਨਾਲ ਸਾਂਝਾ ਕੀਤਾ।

ELECTION CAMPAIGN
ਲੁਧਿਆਣਾ ਵਿੱਚ ਚੋਣ ਪ੍ਰਚਾਰ 'ਤੇ ਹੁਣ ਤੱਕ ਖਰਚਾ ਗਿਆ ਇੱਕ ਕਰੋੜ ਤੋਂ ਵੱਧ (ਲੁਧਿਆਣਾ ਰਿਪੋਟਰ)

By ETV Bharat Punjabi Team

Published : May 10, 2024, 7:59 PM IST

ਸਾਕਸ਼ੀ ਸਾਹਨੀ, ਮੁੱਖ ਚੋਣ ਅਫਸਰ (ਲੁਧਿਆਣਾ ਰਿਪੋਟਰ)

ਲੁਧਿਆਣਾ:ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਤਹਿਤ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜਿੱਥੇ ਨਾਮਜਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਹੁਣ ਤੋਂ ਜਿੰਨਾ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰ ਦਿੱਤੀਆਂ ਗਈਆਂ ਹਨ, ਚੋਣ ਪ੍ਰਚਾਰ ਦਾ ਖਰਚਾ ਹੁਣ ਉਹਨਾਂ ਦੇ ਸਿਰ ਉੱਤੇ ਪੈਣਾ ਸ਼ੁਰੂ ਹੋ ਜਾਵੇਗਾ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਖਰਚੇ ਦੀ ਲਿਮਿਟ 95 ਲੱਖ ਰੁਪਏ ਰੱਖੀ ਗਈ ਹੈ। ਲਗਾਤਾਰ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਮੋਨੀਟਰਿੰਗ ਕੀਤੀ ਜਾ ਰਹੀ ਹੈ। ਨਾਮਜ਼ਦਗੀਆਂ ਭਰਨ ਮੌਕੇ ਵੀ ਉਮੀਦਵਾਰਾਂ ਨੂੰ ਈਐਸਆਈ ਵੱਲੋਂ ਨਿਰਧਾਰਿਤ ਕੀਤੇ ਗਏ ਖਰਚਿਆਂ ਦੀ ਸੂਚੀ ਦੇ ਦਿੱਤੀ ਗਈ ਹੈ। ਜੇਕਰ ਲੁਧਿਆਣਾ ਦੀ ਨਾਮਜ਼ਦਗੀਆਂ ਭਰਨ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 8 ਮਈ ਤੱਕ ਲੁਧਿਆਣਾ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਸਿਰ ਉੱਤੇ ਇੱਕ ਕਰੋੜ 11 ਲੱਖ ਰੁਪਏ ਦਾ ਖਰਚਾ ਪੈ ਚੁੱਕਾ ਹੈ l




ਕਿਸ ਪਾਰਟੀ ਨੇ ਕੀਤਾ ਕਿੰਨਾ ਖਰਚਾ:ਜੇਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਸਭ ਤੋਂ ਜ਼ਿਆਦਾ ਖਰਚਾ ਲੁਧਿਆਣਾ ਦੇ ਵਿੱਚ ਆਪਣੇ ਉਮੀਦਵਾਰ ਦੇ ਪ੍ਰਚਾਰ ਵਿੱਚ ਕੀਤਾ ਗਿਆ ਹੈ। ਜਿਸ ਦੇ ਮੁਤਾਬਿਕ 44.96 ਲੱਖ ਰੁਪਏ ਦਾ ਖਰਚਾ ਆਮ ਆਦਮੀ ਪਾਰਟੀ ਦੇ ਸਿਰ ਉੱਤੇ ਸਿਰਫ ਲੁਧਿਆਣਾ ਤੋਂ ਹੀ ਪੈ ਚੁੱਕਾ ਹੈ। ਉੱਥੇ ਹੀ ਜੇਕਰ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਲੁਧਿਆਣੇ ਵਿੱਚ ਦੂਜੇ ਨੰਬਰ ਉੱਤੇ ਭਾਜਪਾ ਨੇ ਸਭ ਤੋਂ ਵੱਧ ਖਰਚਾ ਰਵਨੀਤ ਬਿੱਟੂ ਦੇ ਪ੍ਰਚਾਰ ਉੱਤੇ ਕੀਤਾ ਹੈ। ਕੁੱਲ 37.84 ਲੱਖ ਰੁਪਏ ਖਰਚੇ ਗਏ ਹਨ। ਤੀਜੇ ਨੰਬਰ ਉੱਤੇ ਕਾਂਗਰਸ ਹੈ ਜਿਸਨੇ ਹੁਣ ਤੱਕ ਪ੍ਰਚਾਰ ਉੱਤੇ 15.56 ਲੱਖ ਰੁਪਏ ਖਰਚੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ 11.95 ਲੱਖ ਰੁਪਏ ਜਦੋਂ ਕਿ ਬਸਪਾ ਦੇ ਉਮੀਦਵਾਰ 49 ਹਜ਼ਾਰ 470 ਰੁਪਏ, ਆਜ਼ਾਦ ਉਮੀਦਵਾਰ ਪ੍ਰਿਤਪਾਲ ਵੱਲੋਂ 26 ਹਜ਼ਾਰ 324 ਰੁਪਏ ਖਰਚ ਕੀਤੇ ਗਏ ਨੇ। ਜਦੋਂ ਕੇ ਸੀ ਪੀ ਆਈ ਅਤੇ ਲਿਪ ਵੱਲੋਂ 960 ਰੁਪਏ ਦਾ ਖਰਚਾ ਪਿਆ ਹੈ।

3 ਹਲਕੇ ਖਰਚੇ ਦੇ ਤੌਰ ਉੱਤੇ ਸੰਵੇਦਨਸ਼ੀਲ:ਲੁਧਿਆਣਾ ਦੀ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਵਿੱਚ ਉਂਝ ਤਾਂ 14 ਵਿਧਾਨ ਸਭਾ ਹਲਕੇ ਆਉਂਦੇ ਹਨ ਅਤੇ ਇਹਨਾਂ ਵਿੱਚੋਂ ਪੰਜ ਵਿਧਾਨ ਸਭਾ ਹਲਕੇ ਫਤਿਹਗੜ੍ਹ ਲੋਕ ਸਭਾ ਸੀਟ ਦੇ ਵਿੱਚ ਹਨ। ਜਦੋਂ ਕਿ ਨੌ ਹਲਕੇ ਲੁਧਿਆਣਾ ਸੀਟ ਦੇ ਵਿੱਚ ਹਨ, ਜਿਨਾਂ ਵਿੱਚੋਂ ਤਿੰਨ ਅਜਿਹੇ ਹਲਕੇ ਹਨ ਜਿੰਨਾਂ ਨੂੰ ਖਰਚੇ ਦੇ ਤੌਰ ਉੱਤੇ ਸੰਵੇਦਨਸ਼ੀਲ ਬਣਾਇਆ ਗਿਆ ਹੈ, ਜਿਸ ਲਈ ਬਕਾਇਦਾ ਦੋ ਆਈਆਰਐਸ ਅਫਸਰਾਂ ਦੀ ਡਿਊਟੀ ਵੀ ਲਗਾਈ ਗਈ ਹੈ, ਜੋ ਖਰਚੇ ਉੱਤੇ ਨਜ਼ਰ ਰੱਖਣਗੇ। ਉਹਨਾਂ ਕਿਹਾ ਕਿ ਇਹਨਾਂ ਸੰਵੇਦਨਸ਼ੀਲ ਹਲਕਿਆਂ ਦੇ ਵਿੱਚ ਲੁਧਿਆਣਾ ਦਾ ਵਿਧਾਨ ਸਭਾ ਹਲਕਾ ਗਿੱਲ, ਆਤਮ ਨਗਰ ਅਤੇ ਲੁਧਿਆਣਾ ਦੱਖਣੀ ਸ਼ਾਮਿਲ ਹੈ। ਜਿੱਥੇ ਉਨਾਂ ਨੂੰ ਲੱਗਦਾ ਹੈ ਕਿ ਪੈਸਿਆਂ ਉੱਤੇ ਜਿਆਦਾ ਖਰਚਾ ਕੀਤਾ ਜਾ ਸਕਦਾ ਹੈ। ਲੁਧਿਆਣਾ ਦੀ ਮੁੱਖ ਚੋਣ ਅਫਸਰ ਨੇ ਸਾਫ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਲਾਲਚ ਦੇ ਕੇ ਕਿਸੇ ਨੂੰ ਵੋਟਾਂ ਲਈ ਭਰਮਾਉਣਾ ਕਾਨੂੰਨੀ ਤੌਰ ਉੱਤੇ ਜੁਰਮ ਹੈ ਜੇਕਰ ਕੋਈ ਵੀ ਅਜਿਹਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਉਮੀਦਵਾਰ ਹੀ ਕਿਉਂ ਨਾ ਹੋਵੇ।



ਖਰਚੇ ਦੀ ਪੜਤਾਲ:ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ। ਸਭ ਜੀ.ਪੀ.ਐਸ. ਸਮਰਥਿਤ ਵਾਹਨ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸ਼ਿਫਟਾਂ ਅਨੁਸਾਰ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਮੀਦਵਾਰਾਂ ਵੱਲੋਂ ਚੋਣ ਖਰਚੇ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਅਬਜ਼ਰਵਰਾਂ ਨੂੰ ਹੋਰ ਜਾਣੂ ਕਰਵਾਇਆ ਕਿ ਇਨ੍ਹਾਂ ਸੈੱਲਾਂ ਨੂੰ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚੇ ਦਾ ਲੇਖਾ-ਜੋਖਾ ਕਰਨ ਲਈ ਸ਼ੈਡੋ ਅਬਜ਼ਰਵੇਸ਼ਨ ਰਜਿਸਟਰ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਜਿਸਟਰਾਂ ਦੀ ਖਰਚਾ ਚੋਣ ਅਬਜ਼ਰਵਰਾਂ ਦੇ ਨਿਰਦੇਸ਼ਾਂ ਅਨੁਸਾਰ ਨਿਯਮਤ ਅੰਤਰਾਲ 'ਤੇ ਉਮੀਦਵਾਰਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਤੁਲਨਾ ਕੀਤੀ ਜਾਵੇਗੀ।




ABOUT THE AUTHOR

...view details