ਮੁਹਾਲੀ : ਹਾਲ ਹੀ 'ਚ ਅਮਰੀਕਾ ਸਰਕਾਰ ਵੱਲੋਂ ਸਖ਼ਤੀ ਦਿਖਾਉਂਦੇ ਹੋਏ ਜਿਥੇ ਗੈਰ-ਕਾਨੂੰਨੀ ਭਾਰਤੀਆਂ ਨੂੰ ਵਾਪਿਸ ਭੇਜਿਆ ਹੈ ਅਤੇ ਪਰਿਵਾਰ ਉਨ੍ਹਾਂ ਲੋਕਾਂਂ ਨੂੰ ਸਹੀ ਸਲਾਮਤ ਪਰਤਿਆ ਵੇਖ ਕੇ ਖੁਸ਼ ਹਨ, ਤਾਂ ਉਥੇ ਹੀ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦਾ ਇੱਕ ਪਰਿਵਾਰ ਸ਼ਾਇਦ ਇਨ੍ਹਾਂ ਖੁਸ਼ਕਿਸਮਤ ਨਹੀਂ ਸੀ ਕਿ ਉਹ ਆਪਣੇ ਨੌਜਵਾਨ ਪੁੱਤ ਨੂੰ ਵਾਪਿਸ ਦੇਖ ਸਕਦਾ। ਦਰਅਸਲ ਮੁਹਾਲੀ ਤੋਂ 43 ਲੱਖ ਲਗਾ ਕੇ ਅਮਰੀਕਾ ਜਾ ਰਹੇ 24 ਸਾਲਾ ਰਣਦੀਪ ਸਿੰਘ ਦੀ ਰਸਤੇ ਵਿੱਚ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ। ਏਜੰਟ ਨੇ ਉਸ ਨੂੰ ਕੈਨੇਡਾ ਰਾਹੀਂ ਅਮਰੀਕਾ ਲਿਜਾਣ ਦਾ ਦਾਅਵਾ ਕੀਤਾ ਸੀ ਪਰ ਜਦ ਤੱਕ ਰਣਦੀਪ ਅਮਰੀਕਾ ਜਾਂਦਾ ਉਸ ਤੋਂ ਪਹਿਲਾਂ ਉਹ ਕਈ ਮਹੀਨੇ ਤੱਕ ਵੀਅਤਨਾਮ ਅਤੇ ਫਿਰ ਕੰਬੋਡੀਆ ਵਿੱਚ ਫਸਿਆ ਰਿਹਾ। ਇਸ ਦੌਰਾਨ ਉਹ ਬੀਮਾਰ ਹੋ ਗਿਆ ਅਤੇ ਉਸ ਨੂੰ ਕਿਸੇ ਤਰ੍ਹਾਂ ਦਾ ਇਲਾਜ ਵੀ ਨਹੀਂ ਮਿਲਿਆ, ਜਿਸ ਕਾਰਨ ਇਨਫੈਕਸ਼ਨ ਇੰਨਾ ਵਧ ਗਿਆ ਕਿ ਉਸ ਦੀ ਮੌਤ ਹੋ ਗਈ।
ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰ ਨੇ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ।
ਮਜ਼ਦੂਰ ਪਰਿਵਾਰ ਨੇ ਲੱਖਾਂ ਰੁਪਏ ਇਕੱਠੇ ਕੀਤੇ
ਜ਼ਿਕਰਯੋਗ ਹੈ ਕਿ ਡੇਰਾਬੱਸੀ ਦੇ ਪਿੰਡ ਸ਼ੇਖਪੁਰਾ ਕਲਾਂ ਦਾ 24 ਸਾਲਾ ਰਣਦੀਪ ਸਿੰਘ 10ਵੀਂ ਪਾਸ ਸੀ ਅਤੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਪਰਿਵਾਰ ਬੇੱਹਦ ਗਰੀਬ ਹੈ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਰਣਦੀਪ ਨੇ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਅਮਰੀਕਾ ਜਾਣ ਬਾਰੇ ਸੋਚਿਆ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਨੇ ਅੰਬਾਲਾ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ। ਏਜੰਟ ਨੇ ਪਹਿਲਾਂ 50 ਲੱਖ ਰੁਪਏ ਮੰਗੇ ਪਰ ਗੱਲਬਾਤ ਤੋਂ ਬਾਅਦ ਘਟਾ ਕੇ 43 ਲੱਖ ਰੁਪਏ ਦੀ ਗੱਲ ਕੀਤੀ।