ਲੰਡਾ ਗੈਂਗ ਦੇ ਗੁਰਗੇ ਕਾਬੂ (ETV BHARAT) ਮੋਹਾਲੀ: ਪੰਜਾਬ ਪੁਲਿਸ ਵਲੋਂ ਸੂਬੇ 'ਚ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਕਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗਿਆਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਨਾਕਾਮ ਵੀ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਮੋਹਾਲੀ ਪੁਲਿਸ ਦੇ ਸਟੇਟ ਸਪੈਸ਼ਲ ਸੈੱਲ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਵਲੋਂ ਕੈਨੇਡਾ ਸਥਿਤ ਲਖਬੀਰ ਲੰਡਾ ਅਤੇ ਅਮਰੀਕਾ ਸਥਿਤ ਗੁਰਦੇਵ ਸਿੰਘ ਉਰਫ਼ ਜੱਸਲ ਦੇ ਦੋ ਗੁਰਗੇ ਅਜੈਪਾਲ ਅਤੇ ਸ਼ਰਨ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਲੰਡਾ ਤੇ ਜੱਸਲ ਦੇ ਗੁਰਗੇ ਕਾਬੂ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸ਼ਰਨ ਉਰਫ਼ ਸੰਨੀ, ਲਖਬੀਰ ਲੰਡਾ ਗੈਂਗ ਦਾ ਮੁੱਖ ਅਸਲਾ ਸਪਲਾਇਰ ਸੀ। ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਇੰਨ੍ਹਾਂ ਨੂੰ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ ਪੁਲਿਸ ਨੂੰ ਇਨ੍ਹਾਂ ਕੋਲੋਂ ਜ਼ਿੰਦਾ ਕਾਰਤੂਸਾਂ ਸਮੇਤ ਸੱਤ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ।
ਮੱਧ ਪ੍ਰਦੇਸ਼ ਤੋਂ ਪੰਜਾਬ ਹਥਿਆਰ ਸਪਲਾਈ:ਇਹ ਜਾਣਕਾਰੀ ਮੋਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਜਿਸ 'ਚ ਐੱਸਐੱਸਪੀ ਮੋਹਾਲੀ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਸਪਲਾਈ ਕਰਦੇ ਸਨ। ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਸੰਨੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਨੈਟਵਰਕ ਤੋੜਨ ਲਈ ਪੂਰੀ ਕੋਸ਼ਿਸ਼: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਮੋਹਾਲੀ ਪੁਲਿਸ ਨੇ ਲੰਡਾ ਤੇ ਜੱਸਲ ਗੈਂਗ ਦੇ ਦੋ ਗੁਰਗੇ ਕਾਬੂ ਕੀਤੇ ਹਨ। ਜਿੰਨ੍ਹਾਂ ਕੋਲੋਂ ਪੁਲਿਸ ਨੂੰ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਸੀ ਕਿ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ 'ਚ ਸਪਲਾਈ ਕਰਦੇ ਹਨ। ਇਸ ਦੇ ਨਾਲ ਹੀ ਡੀਜੀਪੀ ਨੇ ਲਿਖਿਆ ਸੀ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਸਮੁੱਚੇ ਨੈਟਵਰਕ ਨੂੰ ਟਰੇਸ ਕਰਨ, ਪੂਰੀ ਖਰੀਦ ਅਤੇ ਸਪਲਾਈ ਚੇਨ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।