ਚੰਡੀਗੜ੍ਹ:ਵੱਡੇ ਹੰਗਾਮੇ ਵਿਚਾਲੇ ਆਖਿਰਕਾਰ ਚੰਡੀਗੜ੍ਹ ਮੇਅਰ ਚੋਣ ਲਈ ਵੋਟਿੰਗ ਅਤੇ ਗਿਣਤੀ ਮੁੰਕਮਲ ਹੋਈ। ਚੰਡੀਗੜ੍ਹ ਦੇ ਨਵੇਂ ਮੇਅਰ ਵਜੋਂ ਭਾਜਪਾ ਦੇ ਮਨੋਜ ਸੋਨਕਰ ਦੇ ਨਾਮ ਦਾ ਐਲਾਨ ਹੋਇਆ ਹੈ। ਕੁੱਲ ਮਿਲਾ ਕੇ ਮਨੋਜ ਸੋਨਕਰ ਦੇ ਸਿਰ ਮੇਅਰ ਦਾ ਤਾਜ ਸਜਿਆ ਹੈ। ਇਸ ਵਾਰ ਭਾਜਪਾ ਦਾ ਇੰਡਿਆ ਗਠਜੋੜ (ਆਪ ਤੇ ਕਾਂਗਰਸ) ਨਾਲ ਸਿੱਧਾ ਮੁਕਾਬਲਾ ਰਿਹਾ ਹੈ। ਫਿਰ ਵੀ ਭਾਜਪਾ ਨੇ ਆਪਣੀ ਸੱਤਾ ਕਾਇਮ ਰੱਖੀ ਹੈ।
ਭਾਜਪਾ ਦੇ ਮਨੋਜ ਕੁਮਾਰ 16 ਵੋਟਾਂ ਨਾਲ ਜਿੱਤੇ:ਮੇਅਰ ਦੀ ਚੋਣ 'ਚ ਭਾਜਪਾ ਦੇ ਮਨੋਜ ਕੁਮਾਰ 16 ਵੋਟਾਂ ਨਾਲ ਜੇਤੂ ਰਹੇ, 'ਆਪ' ਦੇ ਕੁਲਦੀਪ 12 ਵੋਟਾਂ ਨਾਲ ਜੇਤੂ ਰਹੇ ਅਤੇ 8 ਵੋਟਾਂ ਅਯੋਗ ਰਹੀਆਂ ਹਨ। ਕਾਂਗਰਸ ਨੇ ਆਪਣੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਦੀ ਨਾਮਜ਼ਦਗੀ ਵਾਪਸ ਲੈ ਕੇ ਅਤੇ ਕੁਲਦੀਪ ਟੀਟਾ ਨੂੰ ਸਮਰਥਨ ਦੇ ਕੇ ਭਾਜਪਾ ਦੀ ਖੇਡ ਵਿਗਾੜਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਦੱਸ ਦੇਈਏ ਕਿ ਚੰਡੀਗੜ੍ਹ ਮੇਅਰ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੋਇਆ ਸੀ। 'ਆਪ' ਅਤੇ ਕਾਂਗਰਸ ਦੇ ਕੁੱਲ 20 ਕੌਂਸਲਰ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇਸ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਦੀ ਵੱਡੀ ਜਿੱਤ: ਚੰਡੀਗੜ੍ਹ ਦੇ ਮੇਅਰ ਦੀ ਚੋਣ ਸਵੇਰੇ 10 ਵਜੇ ਸ਼ੁਰੂ ਹੋਣੀ ਸੀ, ਪਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ 38 ਮਿੰਟ ਦੇਰੀ ਨਾਲ ਪੁੱਜੇ। ਇਸ ਤੋਂ ਬਾਅਦ, ਚੋਣ ਪ੍ਰਕਿਰਿਆ ਸ਼ੁਰੂ ਹੋ ਗਈ। ਇਸ ਦੌਰਾਨ ਸਾਰੇ ਕੌਂਸਲਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਸਮਝਾਇਆ ਗਿਆ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵੋਟ ਪਾਈ। ਇਸ ਤੋਂ ਬਾਅਦ ਹੋਰ ਕੌਂਸਲਰਾਂ ਵਲੋਂ ਕਰੀਬ ਢਾਈ ਘੰਟੇ ਵਾਰੀ-ਵਾਰੀ ਵੋਟਿੰਗ ਕੀਤੀ ਅਤੇ 12.30 ਤੱਕ ਸਾਰੀਆਂ 36 ਵੋਟਾਂ ਪੋਲ ਹੋ ਗਈਆਂ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਜਿਸ ਵਿੱਚ ਭਾਜਪਾ ਦੀ ਜਿੱਤ ਹੋਈ।
ਆਪ-ਕਾਂਗਰਸ ਵਲੋਂ ਹੰਗਾਮਾ:ਆਪ-ਕਾਂਗਰਸ ਕੌਂਸਲਰਾਂ ਵਲੋਂ ਮੇਅਰ ਚੋਣਾਂ ਦੀ ਗਿਣਤੀ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਕੀਤਾ ਗਿਆ। ਗਿਣਤੀ ਨੂੰ ਲੈ ਕੇ ਪ੍ਰੀਜ਼ਾਈਡਿੰਗ ਅਫ਼ਸਰ 'ਤੇ ਸਵਾਲ ਵੀ ਚੁੱਕੇ ਗਏ ਅਤੇ ਵੋਟਾਂ ਦੀ ਗਿਣਤੀ ਦੌਰਾਨ ਗੜਬੜੀ ਕਰਨ ਦਾ ਖਦਸ਼ਾ ਜ਼ਾਹਿਰ ਕੀਤਾ। ਮੇਅਰ ਦਾ ਨਾਮ ਐਲਾਨੇ ਜਾਣ ਤੋਂ ਬਾਅਦ ਆਪ-ਕਾਂਗਰਸ ਦੇ ਕੌਂਸਲਰਾਂ ਨੇ ਸਦਨ ਚੋਂ ਵਾਕਆਊਟ ਕਰ ਦਿੱਤਾ। 'ਆਪ' ਨੇ ਇਲਜ਼ਾਮ ਲਾਇਆ ਹੈ ਕਿ ਭਾਜਪਾ ਨੇ ਗ਼ਲਤ ਤਰੀਕੇ ਨਾਲ ਚੋਣਾਂ ਜਿੱਤੀਆਂ ਹਨ। 8 ਵੋਟਾਂ ਰੱਦ ਹੋ ਗਈਆਂ। ਆਪ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਮਸੀਹ ਪੰਨਿਆਂ ਉੱਤੇ ਸਕ੍ਰੈਚ ਕਰ ਰਹੇ ਸਨ।