ਵੰਡਿਆ ਗਿਆ ਡੇਰਾ ਸੱਚਾ ਸੌਦਾ ਵੋਟ ਬੈਂਕ ! (ਈਟੀਵੀ ਭਾਰਤ, ਬਠਿੰਡਾ) ਬਠਿੰਡਾ: ਪੰਜਾਬ ਵਿੱਚ ਲੋਕ ਸਭਾ ਚੋਣ ਲਈ ਵੋਟਿੰਗ 1 ਜੂਨ ਨੂੰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਕੋਈ ਸਿਆਸੀ ਪਾਰਟੀ ਆਪਣੇ ਵੋਟਰਾਂ ਨੂੰ ਭਰਮਾਉਣ ਵਿੱਚ ਲੱਗਾ ਹੋਇਆ ਹੈ। ਪੰਜਾਬ ਦਾ ਮਾਲਵਾ ਖੇਤਰ ਚੋਣਾਂ ਦੌਰਾਨ ਸਿਆਸੀ ਗਲਿਆਰਾ ਵਿੱਚ ਅਹਿਮ ਵਿਸ਼ਾ ਹੁੰਦਾ ਹੈ। ਕਿਉਂਕਿ, ਮਾਲਵਾ ਖੇਤਰ ਵਿੱਚ ਲੋਕ ਡੇਰਿਆਂ ਤੋਂ ਵੱਧ ਪ੍ਰਭਾਵਿਤ ਹਨ ਅਤੇ ਡੇਰਿਆਂ ਕਰ ਕੇ ਸਿਆਸੀ ਪਾਰਟੀਆਂ ਪ੍ਰਭਾਵਿਤ ਹੁੰਦੀਆਂ ਰਹੀਆਂ ਹਨ। ਸਾਲ 2007 ਅਤੇ 2012 ਵਿੱਚ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਵਿੰਗ ਵੱਲੋਂ ਬਕਾਇਦਾ ਆਦੇਸ਼ ਦੇ ਕੇ ਵੱਖ ਵੱਖ ਸਿਆਸੀ ਪਾਰਟੀ ਨੂੰ ਸਮਰਥਨ ਦਿੱਤਾ ਸੀ।
ਮਾਲਵਾ ਬੈਲਟ ਵਿੱਚ ਡੇਰਾ ਸੱਚਾ ਸੌਦਾ ਵੱਡਾ ਵੋਟ ਬੈਂਕ:ਲੋਕ ਸਭਾ ਚੋਣਾਂ 2024, ਜਿੱਥੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਨ੍ਹਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜੋੜ ਤੋੜ ਦੀ ਰਾਜਨੀਤੀ ਜਾਰੀ ਹੈ, ਉਥੇ ਹੀ ਸਿਆਸੀ ਲੋਕਾਂ ਵੱਲੋਂ ਡੇਰਿਆਂ ਨਾਲ ਜੁੜੇ ਹੋਏ ਵੋਟ ਬੈਂਕ ਨੂੰ ਹਾਸਿਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਲਵਾ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਮਾਲਵਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦਾ ਵੱਡਾ ਆਧਾਰ ਹੈ। ਵੱਡੀ ਪੱਧਰ ਉੱਤੇ ਸ਼ਰਧਾਲੂ ਸੌਦਾ ਨਾਲ ਮਾਲਵਾ ਬੈਲਟ ਵਿੱਚੋਂ ਜੁੜੇ ਹੋਏ ਹਨ। ਡੇਰਾ ਸੱਚਾ ਸੌਦਾ ਦਾ ਪੰਜਾਬ ਵਿਚਲਾ ਹੈਡ ਕੁਆਰਟਰ ਵੀ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ ਵਿਖੇ ਬਣਿਆ ਹੋਇਆ ਹੈ, ਜਿੱਥੇ ਡੇਰਾ ਸੱਚਾ ਸੌਦਾ ਵੱਲੋਂ ਆਪਣੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ।
ਦੱਸ ਦਈਏ ਕਿ ਮਾਲਵਾ ਬੈਲਟ ਵਿੱਚ ਡੇਰਾ ਸੱਚਾ ਸੌਦਾ ਸਭ ਤੋਂ ਵੱਡਾ ਵੋਟ ਬੈਂਕ ਹੈ। ਬਠਿੰਡਾ ਲੋਕ ਸਭਾ ਸੀਟ ਵਿੱਚ ਲਗਭਗ 2 ਲੱਖ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ। ਡੇਰਾ ਸੱਚਾ ਸੌਦਾ ਦੇ 11 ਬਲਾਕ ਹਨ ਅਤੇ ਇੱਕ ਬਲਾਕ ਵਿੱਚ 10 ਤੋਂ 15 ਹਜ਼ਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ।
ਡੇਰੇ ਦੇ ਮੈਂਬਰ (ਈਟੀਵੀ ਭਾਰਤ, ਗ੍ਰਾਫਿਕਸ) ਰਾਮ ਰਹੀਮ ਨੇ ਭੰਗ ਕੀਤਾ ਰਾਜਨੀਤਿਕ ਵਿੰਗ: ਡੇਰਾ ਸੱਚਾ ਸੌਦਾ ਦੀ ਜੇਕਰ ਵੋਟ ਬੈਂਕ ਦੀ ਗੱਲ ਕੀਤੀ ਜਾਵੇ, ਤਾਂ 2007 ਅਤੇ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਦੇ ਰਾਜਨੀਤਿਕ ਵਿੰਗ ਵੱਲੋਂ ਸ਼ਰਧਾਲੂਆਂ ਨੂੰ ਦੋ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਣ ਦਾ ਆਦੇਸ਼ ਦਿੱਤਾ ਸੀ ਜਿਸ ਡੇਰਾ ਸੱਚਾ ਸੌਦਾ ਸਿਆਸੀ ਸਫਿਆਂ ਵਿੱਚ ਸੁਰਖੀਆਂ ਬਣਿਆ ਹੋਇਆ ਸੀ। ਮੌਜੂਦਾ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ 2023 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਰਾਜਨੀਤਿਕ ਵਿੰਗ ਨੂੰ ਭੰਗ ਕਰ ਦਿੱਤਾ ਸੀ, ਪਰ ਸਿਆਸੀ ਲੋਕਾਂ ਵੱਲੋਂ ਲਗਾਤਾਰ ਡੇਰੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਡੇਰੇ ਵੱਲੋਂ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ।
ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਨਹੀਂ:2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚਲੇ ਹੈਡਕੁਾਰਟਰ ਸਲਾਬਤਪੁਰਾ ਵਿਖੇ ਵੱਡੀ ਗਿਣਤੀ ਵਿੱਚ ਸਿਆਸੀ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ ਅਤੇ ਡੇਰੇ ਦੇ ਰਾਜਨੀਤਿਕ ਵਿੰਗ ਨਾਲ ਵੀ ਉਸ ਸਮੇਂ ਵਿਚਾਰ ਚਰਚਾ ਕੀਤੀ ਗਈ ਸੀ, ਪਰ ਡੇਰੇ ਸੱਚਾ ਸੌਦਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਸਪਸ਼ਟ ਤੌਰ ਉੱਤੇ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਗਿਆ ਸੀ।
ਕੀ ਕਹਿਣਾ ਡੇਰਾ ਸੱਚਾ ਸੌਦਾ ਦੇ ਪੈਰੋਕਾਰ:2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਦੋਂ ਡੇਰੇ ਦੀ 85 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸਿਆਸੀ ਲੋਕ ਅਕਸਰ ਹੀ ਡੇਰਾ ਸੱਚਾ ਸੌਦਾ ਵਿਖੇ ਗੁਰੂ ਜੀ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਰਹਿੰਦੇ ਹਨ ਅਤੇ ਡੇਰੇ ਵੱਲੋਂ ਚਲਾਈਆਂ ਜਾ ਰਹੀਆਂ ਸਮਾਜ ਸੇਵੀ ਦੀਆਂ ਗਤੀਵਿਧੀਆਂ ਦਾ ਹਿੱਸਾ ਵੀ ਬਣਦੇ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦਾ ਰਾਜਨੀਤੀ ਵਿੰਗ ਪਿਛਲੇ ਸਾਲ ਹੀ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਭੰਗ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਾਲਵਾ ਬੈਲਟ ਵਿੱਚ ਵੱਡੀ ਪੱਧਰ ਉੱਤੇ ਮੌਜੂਦ ਹਨ। ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦੇ ਇੱਥੇ 11 ਬਲਾਕ ਹਨ। ਇੱਕ ਬਲਾਕ ਵਿੱਚ 10 ਤੋਂ 15000 ਪੈਰੋਕਾਰ ਮੌਜੂਦ ਹਨ। ਡੇਰੇ ਦਾ ਇੱਕ ਵੱਡਾ ਵੋਟ ਬੈਂਕ ਹੈ, ਪਰ ਡੇਰੇ ਨੇ ਕਦੇ ਵੀ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਡੇਰੇ ਵੱਲੋਂ ਸਪਸ਼ਟ ਤੌਰ ਉੱਤੇ ਕਦੇ ਵੀ ਸਮਰਥਨ ਨਹੀਂ ਦਿੱਤਾ ਗਿਆ।
ਸੀਨੀਅਰ ਪੱਤਰਕਾਰ (ਈਟੀਵੀ ਭਾਰਤ, ਗ੍ਰਾਫਿਕਸ) ਪਿਛਲੇ ਸਾਲ ਡੇਰਾ ਪ੍ਰਮੁੱਖ ਵੱਲੋਂ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਕੀਤੇ ਜਾ ਰਹੇ ਸਮਾਜ ਸੇਵੀ ਦੇ ਕੰਮਾਂ ਨੂੰ ਵੱਧ ਤੋਂ ਵੱਧ ਅੱਗੇ ਤੋਰਿਆ ਜਾਵੇ। ਡੇਰਾ ਸੱਚਾ ਸੌਦਾ ਸਾਰਿਆਂ ਦਾ ਸਾਂਝਾ ਹੈ, ਇੱਥੇ ਕੋਈ ਵੀ ਰਾਜਨੀਤਿਕ ਨੇਤਾ ਅਤੇ ਰਾਜਨੀਤਿਕ ਵਿਅਕਤੀ ਆ ਸਕਦਾ ਹੈ। ਇੱਕ ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚਲੇ ਹੈਡ ਕੁਆਰਟਰ ਵਿੱਚ ਸਮਾਗਮ ਕਰਵਾਇਆ ਜਾਵੇਗਾ, ਪਰ ਉਸ ਦੀ ਅਜੇ ਤੱਕ ਮਿਤੀ ਤੈਅ ਨਹੀਂ ਕੀਤੀ ਗਈ, ਪਰ ਇਸ ਸਮਾਗਮ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਦੀ ਕਿਸੇ ਹਾਲੇ ਤੱਕ ਕੋਈ ਯੋਜਨਾ ਨਹੀਂ ਹੈ।
ਮਾਹਿਰ ਦੀ ਰਾਏ:ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਕਿਸੇ ਸਮੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਸਮਰਥਨ ਦਿੱਤਾ ਜਾਂਦਾ ਸੀ। ਇਸ ਸਮਰਥਨ ਤੋਂ ਬਾਅਦ ਡੇਰੇ ਨਾਲ ਜੁੜੀ ਹੋਏ ਰਾਜਨੀਤਿਕ ਵਿੰਗ ਦੇ ਆਗੂਆਂ ਦੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਨਜ਼ਦੀਕੀਆਂ ਬਣ ਗਈਆਂ ਸਨ ਅਤੇ ਆਪਣੇ ਨਿੱਜੀ ਹਿੱਤ ਡੇਰੇ ਦੇ ਰਾਜਨੀਤਿਕ ਵਿੰਗ ਦੇ ਆਗੂਆਂ ਵੱਲੋਂ ਪੂਰੇ ਜਾਣ ਲੱਗੇ ਸਨ, ਭਾਵੇਂ ਡੇਰੇ ਵੱਲੋਂ ਰਾਜਨੀਤਿਕ ਵਿੰਗ ਭੰਗ ਕਰ ਦਿੱਤਾ ਗਿਆ ਹੈ, ਪਰ 2007 ਤੋਂ ਬਾਅਦ ਲਗਾਤਾਰ ਡੇਰਾ ਸੱਚਾ ਸੌਦਾ ਦੇ ਸਮੀਕਰਨ ਬਦਲੇ ਹਨ ਅਤੇ ਡੇਰਾ ਸੱਚਾ ਸੌਦਾ ਵੋਟ ਬੈਂਕ ਵੰਡਿਆ ਗਿਆ ਹੈ। ਭਾਵੇਂ ਰਾਜਨੀਤਿਕ ਆਗੂਆਂ ਦਾ ਡੇਰੇ ਵਿੱਚ ਲਗਾਤਾਰ ਆਉਣ ਜਾਣ, ਪਰ ਮੌਜੂਦਾ ਸਮੇਂ ਵਿੱਚ ਡੇਰਾ ਸੱਚਾ ਸੌਦਾ ਦੇ ਵੋਟ ਬੈਂਕ ਦਾ ਲੋਕ ਸਭਾ ਚੋਣਾਂ ਉੱਪਰ ਬਹੁਤਾ ਅਸਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।