ਪੰਜਾਬ

punjab

ETV Bharat / state

40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੀ ਸਮਾਪਤੀ, ਘੋੜ ਦੌੜ ਵੀ ਖਿੱਚ ਦਾ ਕੇਂਦਰ ਰਹੀ - MAGHI MELA

ਮਾਘੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ ਜਿੱਥੇ ਉਨ੍ਹਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕੀਤਾ।

MAGHI MELA
40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੀ ਸਮਾਪਤੀ, ਘੋੜ ਦੌੜ ਵੀ ਖਿੱਚ ਦਾ ਕੇਂਦਰ ਰਹੀ (ETV Bharat)

By ETV Bharat Punjabi Team

Published : Jan 15, 2025, 8:50 PM IST

ਸ੍ਰੀ ਮੁਕਤਸਰ ਸਾਹਿਬ :ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੀ ਸਮਾਪਤੀ ਹੋ ਗਈ ਹੈ। ਮਾਘੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ ਜਿੱਥੇ ਉਨ੍ਹਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕੀਤਾ। ਉਨ੍ਹਾਂ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ। ਸੰਗਤਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਦਿਨ ਭਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ।

40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੀ ਸਮਾਪਤੀ, ਘੋੜ ਦੌੜ ਵੀ ਖਿੱਚ ਦਾ ਕੇਂਦਰ ਰਹੀ (ETV Bharat)

ਨਗਰ ਕੀਰਤਨ ਸਜਾਇਆ

ਰਵਾਇਤੀ ਤੌਰ ‘ਤੇ ਮਾਘੀ ਮੇਲਾ 14 ਅਤੇ 15 ਜਨਵਰੀ ਨੂੰ ਦੋ ਦਿਨ ਚੱਲਦਾ ਹੈ ਪਰ ਮਲੋਟ ਰੋਡ ‘ਤੇ ਲੱਗਣ ਵਾਲੇ ਮਨੋਰੰਜਨ ਮੇਲੇ ਕਾਰਨ ਮੁਕਤਸਰ ਵਿੱਚ ਤਕਰੀਬਨ ਦੋ ਮਹੀਨੇ ਮਾਘੀ ਦਾ ਮੇਲਾ ਧੂਮਧਾਮ ਨਾਲ ਭਰਿਆ ਰਹਿੰਦਾ ਹੈ। ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਕਰਵਾਇਆ ਗਿਆ। ਜਦੋਂ ਕਿ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮ੍ਰਿਤਪਾਨ ਦੇ ਭੋਗ ਪਾਏ ਗਏ। ਮੇਲਾ ਮਾਘੀ ਦੀ ਪਰੰਪਰਾ ਮੁਤਾਬਕ ਨਗਰ ਕੀਰਤਨ ਦੇ ਨਾਲ ਸਮਾਪਤ ਹੋਇਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ ਚਾਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੁੰਇਆ। ਜਿੱਥੋਂ ਵਾਪਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਇਆ।

ਗੁਰੂ ਦੀਆਂ ਫੌਜ਼ਾਂ ਨੇ ਜੌਹਰ ਦਿਖਾਏ

ਇੱਕ ਪਾਸੇ ਜਿੱਥੇ 15 ਜਨਵਰੀ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਦੂਜੇ ਪਾਸੇ ਵੱਖ-ਵੱਖ ਸੂਬਿਆਂ ਤੋਂ ਆਏ ਨਿਹੰਗ ਸਿੰਘਾਂ ਵੱਲੋਂ ਮੁੱਹਲਾ ਕੱਢ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਗਏ। ਇਸ ਦੌਰਾਨ ਹਾਥੀਆਂ ਅਤੇ ਘੋੜਿਆਂ ‘ਤੇ ਸਵਾਰ ਨਿਹੰਗ ਸਿੰਘ ਖਿੱਚ ਦਾ ਕੇਂਦਰ ਬਣੇ ਰਹੇ। ਇਸ ਦੇ ਨਾਲ ਹੀ ਹਥਿਆਰਾਂ, ਬੰਦੂਕਾਂ ਸਮੇਤ ਮੁਹੱਲਾ ਕੱਢ ਰਹੇ ਨਿਹੰਗ ਸਿੰਘ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ।

ਘੋੜ ਦੌੜ ਵੀ ਖਿੱਚ ਦਾ ਕੇਂਦਰ

ਮਾਘੀ ਦੇ ਅਗਲੇ ਦਿਨ ਟਿੱਬੀ ਸਾਹਿਬ ਰੋਡ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਨੇੜੇ ਨਿਹੰਗ ਸਿੰਘਾਂ ਵੱਲੋਂ ਘੋੜ ਦੌੜ ਕਰਵਾਈ ਗਈ। ਜਿਸ ਵਿੱਚ ਦੇਸ਼ ਭਰ ਤੋਂ ਆਏ ਨਿਹੰਗ ਸਿੰਘਾਂ ਨੇ ਘੋੜਿਆਂ ‘ਤੇ ਸਵਾਰ ਹੋ ਕੇ ਜੈਕਾਰੇ ਦੇ ਅਦਭੁਤ ਕਰਤੱਬ ਦਿਖਾਏ। ਅੱਜ ਵੀ ਇਸ ਕਾਰਨਾਮੇ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚਦੇ ਹਨ। ਸੂਬੇ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਆਏ ਨਿਹੰਗ ਸਿੰਘ ਦੋ ਦਿਨ ਮੇਲੇ ਵਿੱਚ ਆਪਣੀ ਤਾਕਤ ਅਤੇ ਬਹਾਦਰੀ ਦੇ ਜੌਹਰ ਦਿਖਾਉਣ ਤੋਂ ਬਾਅਦ ਮਾਘੀ ਦਾ ਮੇਲਾ ਖ਼ਤਮ ਹੋਣ ਤੋਂ ਬਾਅਦ ਹੀ ਵਾਪਸ ਆਪਣੇ ਰਾਜਾਂ ਨੂੰ ਪਰਤਣਾ ਸ਼ੁਰੂ ਕਰ ਦਿੰਦੇ ਹਨ।

ਨੂਰਦੀਨ ਦੀ ਕਬਰ ਦਾ ਇਤਿਹਾਸ

15 ਜਨਵਰੀ ਨੂੰ ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਨੇੜੇ ਸਥਿਤ ਨੂਰਦੀਨ ਦੀ ਕਬਰ ‘ਤੇ ਸੰਗਤਾਂ ਜੁੱਤੀਆਂ ਮਾਰਨ ਲਈ ਪਹੁੰਚਦੀਆਂ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ‘ਤੇ ਦਾਤੁਨ ਕਰ ਰਹੇ ਸਨ ਤਾਂ ਨੂਰਦੀਨ ਨੇ ਉਨ੍ਹਾਂ ‘ਤੇ ਪਿੱਛੇ ਤੋਂ ਬਰਛੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਆਪਣਾ ਬਚਾਅ ਕਰਦੇ ਹੋਏ, ਉਸ ਨੂੰ ਆਪਣੇ ਹੱਥ ਵਿੱਚ ਫੜੇ ਹੋਏ ਘੜੇ ਨਾਲ ਮਾਰ ਕੇ ਮਾਰ ਦਿੱਤਾ। ਉਦੋਂ ਤੋਂ ਇਸ ਅਸਥਾਨ ‘ਤੇ ਮੇਲਾ ਮਾਘੀ ਮੌਕੇ ਸੰਗਤਾਂ ਦੀ ਭੀੜ ਨੂਰਦੀਨ ਦੀ ਕਬਰ ‘ਤੇ ਪੁੱਜਦੀ ਹੈ ਅਤੇ ਕਬਰ ‘ਤੇ ਜੁੱਤੀਆਂ ਮਾਰਦੀ ਹੈ ਅਤੇ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।

ABOUT THE AUTHOR

...view details