ਪੰਜਾਬ

punjab

ETV Bharat / state

ਕਾਂਗਰਸ ਦੀ ਇੱਕ ਹੋਰ ਕੌਂਸਲਰ ਨੇ ਮਾਰੀ ਪਲਟੀ, AAP ਨੇ ਪਾਰ ਕੀਤਾ ਬਹੁਮਤ ਦਾ ਅੰਕੜਾ, ਭਲਕੇ ਲੁਧਿਆਣਾ ਨੂੰ ਮਿਲ ਸਕਦੀ ਪਹਿਲੀ ਮਹਿਲਾ ਮੇਅਰ - LUDHIANA MAYOR ELECTION

ਸੋਮਵਾਰ ਨੂੰ ਲੁਧਿਆਣਾ ਨੂੰ ਪਹਿਲੀ ਮਹਿਲਾ ਮੇਅਰ ਮਿਲ ਸਕਦੀ ਹੈ, ਕਿਉਂਕਿ 'ਆਪ' ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਪੜ੍ਹੋ ਖ਼ਬਰ...

ਲੁਧਿਆਣਾ ਨਗਰ ਨਿਗਮ ਮੇਅਰ ਚੋਣ
ਲੁਧਿਆਣਾ ਨਗਰ ਨਿਗਮ ਮੇਅਰ ਚੋਣ (Etv Bharat)

By ETV Bharat Punjabi Team

Published : Jan 19, 2025, 12:19 PM IST

ਲੁਧਿਆਣਾ: ਨਗਰ ਨਿਗਮ ਚੋਣਾਂ ਹੋਈਆਂ ਨੂੰ ਲੱਗਭਗ ਇੱਕ ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਹੈ ਪਰ ਲੁਧਿਆਣਾ ਨੂੰ ਹਾਲੇ ਤੱਕ ਮੇਅਰ ਨਹੀਂ ਮਿਲਿਆ ਹੈ। ਲੁਧਿਆਣਾ 'ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਸੀ, ਜਿਸ ਦੇ ਚੱਲਦੇ ਹਰ ਸਿਆਸੀ ਪਾਰਟੀ ਨੇ ਜੋੜ-ਤੋੜ ਦੀ ਰਾਜਨੀਤੀ ਕੀਤੀ ਤੇ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਨ 'ਚ ਕਾਮਯਾਬ ਹੋ ਗਈ। ਲੁਧਿਆਣਾ 'ਚ ਮੇਅਰ ਦੀ ਸੀਟ ਰਾਖਵੀਂ ਹੋਣ ਕਾਰਨ ਇਹ ਪਹਿਲੀ ਵਾਰ ਹੋਵੇਗਾ, ਜਦੋਂ ਸ਼ਹਿਰ ਦੀ ਕਮਾਨ ਕਿਸੇ ਮਹਿਲਾ ਮੇਅਰ ਕੋਲ ਜਾਵੇਗੀ।

ਲੁਧਿਆਣਾ ਨਗਰ ਨਿਗਮ ਮੇਅਰ ਚੋਣ (Etv Bharat)

ਭਲਕੇ ਹੋ ਸਕਦਾ ਰਸਮੀਂ ਐਲਾਨ

ਦੱਸ ਦਈਏ ਕਿ ਲੁਧਿਆਣਾ ਵਿੱਚ ਜਲਦ ਹੀ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦਾ ਐਲਾਨ ਕਰ ਦਿੱਤਾ ਜਾਵੇਗਾ। ਸੋਮਵਾਰ ਨੂੰ ਇਸ ਸਬੰਧੀ ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਆਮ ਆਦਮੀ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।

ਲੁਧਿਆਣਾ ਨਗਰ ਨਿਗਮ ਮੇਅਰ ਚੋਣ (Etv Bharat)

ਬਹੁਮਤ ਦਾ ਅੰਕੜਾ ਕੀਤਾ ਪਾਰ

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਪਹਿਲਾਂ 41 ਆਪਣੇ ਕੌਂਸਲਰ ਸਨ, ਜਿੰਨ੍ਹਾਂ 'ਚ 7 ਬਾਹਰਲੇ ਕੌਂਸਲਰ ਮਿਲਾ ਕੇ 48 ਵੋਟਾਂ ਹੋ ਗਈਆਂ ਹਨ। ਹੁਣ ਚਾਰ ਕਾਂਗਰਸ ਦੇ ਕੌਂਸਲਰ, 1 ਭਾਜਪਾ ਅਤੇ 2 ਆਜ਼ਾਦ ਕੌਂਸਲਰ ਵੀ ਆਮ ਆਦਮੀ ਪਾਰਟੀ ਨੇ ਆਪਣੇ ਵੱਲ ਕਰ ਲਏ ਹਨ। ਜਿਸ ਤੋਂ ਬਾਅਦ ਉਹਨਾਂ ਦਾ ਅੰਕੜਾ 48 ਹੋ ਗਿਆ ਹੈ। ਜੇਕਰ ਵਿਧਾਇਕਾਂ ਦੀਆਂ ਵੋਟਾਂ ਮਿਲਾਈਆਂ ਜਾਣ ਤਾਂ ਇਹ ਅੰਕੜਾ 55 ਹੋ ਗਿਆ ਹੈ। ਆਪ ਦਾ ਲੁਧਿਆਣਾ 'ਚ ਮੇਅਰ ਬਣਨਾ ਲੱਗਭਗ ਫਾਈਨਲ ਹੋ ਗਿਆ ਹੈ।

ਲੁਧਿਆਣਾ ਨਗਰ ਨਿਗਮ ਮੇਅਰ ਚੋਣ (Etv Bharat)

ਕਾਂਗਰਸ ਦੀ ਇੱਕ ਹੋਰ ਕੌਂਸਲਰ AAP 'ਚ ਸ਼ਾਮਲ

ਇਸ ਤੋਂ ਪਹਿਲਾਂ ਬੀਤੇ ਦਿਨ ਕਾਂਗਰਸ ਦੀ ਵਾਰਡ ਨੰਬਰ 41 ਤੋਂ ਕੌਂਸਲਰ ਮਮਤਾ ਰਾਣੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ। ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਮਮਤਾ ਰਾਣੀ ਅਤੇ ਉਹਨਾਂ ਦੇ ਹੋਰ ਸਾਥੀਆਂ ਅਤੇ ਵਰਕਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ। ਹੁਣ ਬਿਨਾਂ ਵੋਟਿੰਗ ਦੇ ਆਮ ਆਦਮੀ ਪਾਰਟੀ ਲੁਧਿਆਣਾ ਦੇ ਵਿੱਚ ਆਪਣਾ ਮੇਅਰ ਬਣਾ ਸਕਦੀ ਹੈ। ਬਿਨਾਂ ਵਿਧਾਇਕਾਂ ਦੇ 48 ਕੌਂਸਲਰ ਹੋਣੇ ਜ਼ਰੂਰੀ ਹਨ। ਮੇਅਰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਜਿਆਦਾ ਨੁਕਸਾਨ ਕਾਂਗਰਸ ਨੂੰ ਪਹੁੰਚਾਇਆ ਹੈ। ਕਾਂਗਰਸ ਦੇ ਚਾਰ ਜੇਤੂ ਕੌਂਸਲਰ ਆਮ ਆਦਮੀ ਪਾਰਟੀ ਵੱਲੋਂ ਤੋੜ ਲਏ ਗਏ ਹਨ ਅਤੇ ਆਪਣੇ ਨਾਲ ਸ਼ਾਮਿਲ ਕਰ ਲਏ ਹਨ।

ਲੁਧਿਆਣਾ ਨਗਰ ਨਿਗਮ ਮੇਅਰ ਚੋਣ (Etv Bharat)

'ਆਪ' ਕੋਲ ਹੋਏ ਆਪਣੇ 48 ਕੌਂਸਲਰ

ਆਮ ਆਦਮੀ ਪਾਰਟੀ ਵੱਲੋਂ ਜੋ ਕਾਂਗਰਸ ਦੇ ਚਾਰ ਕੌਂਸਲਰ ਤੋੜੇ ਗਏ ਸਨ, ਇੰਨ੍ਹਾਂ ਵਿੱਚੋਂ ਦੋ ਸਿਮਰਜੀਤ ਬੈਂਸ ਦੇ ਬੇਹਦ ਕਰੀਬੀ ਮੰਨੇ ਜਾਂਦੇ ਅਤੇ ਉਹਨਾਂ ਦੇ ਹਲਕੇ ਵਿੱਚੋਂ ਸਨ। ਇਸ ਤੋਂ ਇਲਾਵਾ ਦੋ ਆਜ਼ਾਦ, ਇੱਕ ਭਾਜਪਾ ਦਾ ਕੌਂਸਲਰ ਵੀ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਮਿਲਾ ਲਿਆ ਹੈ। ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਕੌਂਸਲਰਾਂ ਦੀ ਗਿਣਤੀ 41 ਅਤੇ ਜੋੜ-ਤੋੜ ਦੀ ਰਾਜਨੀਤੀ ਤੋਂ ਬਾਅਦ 7 ਹੋਰ ਕੌਂਸਲਰ ਮਿਲਾ ਕੇ 48 ਹੋ ਗਈ ਹੈ।

ਮੇਅਰ ਬਣਨ ਦੀ ਦੌੜ 'ਚ ਇਹ ਮਹਿਲਾ ਕੌਂਸਲਰ

ਲੁਧਿਆਣਾ ਦੇ ਵਿੱਚ ਰਾਖਵੇਂਕਰਨ ਦੇ ਤਹਿਤ ਪਹਿਲਾਂ ਹੀ ਮਹਿਲਾ ਮੇਅਰ ਬਣਨਾ ਤੈਅ ਹੋ ਚੁੱਕਾ ਹੈ। ਲੁਧਿਆਣਾ ਦੇ ਪੂਰਬੀ ਅਤੇ ਪੱਛਮੀ ਤੋਂ ਮੇਅਰ ਬਣ ਸਕਦਾ ਹੈ। ਸਭ ਤੋਂ ਉੱਪਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਿਧੀ ਗੁਪਤਾ ਦਾ ਨਾਂ ਚੱਲ ਰਿਹਾ ਹੈ। ਇਹਨਾਂ ਦੋਵਾਂ ਵਿੱਚੋਂ ਇੱਕ ਨੂੰ ਮੇਅਰ ਬਣਾਇਆ ਜਾਵੇਗਾ। ਉਸ ਤੋਂ ਬਾਅਦ ਐਮਐਲਏ ਅਸ਼ੋਕ ਪਰਾਸ਼ਰ ਦੇ ਭਰਾ ਨੂੰ ਜੋ ਕਿ ਛੇ ਵਾਰ ਲਗਾਤਾਰ ਕੌਂਸਲਰ ਜਿੱਤ ਚੁੱਕੇ ਹਨ, ਉਹਨਾਂ ਨੂੰ ਡਿਪਟੀ ਮੇਅਰ ਦੇ ਉਹਦੇ 'ਤੇ ਨਿਵਾਜਿਆ ਜਾ ਸਕਦਾ ਹੈ। ਸੋਮਵਾਰ ਨੂੰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਰਸਮੀ ਤੌਰ 'ਤੇ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਦੀਆਂ ਤਿੰਨ ਨਿਗਮਾਂ 'ਤੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਮੇਅਰ ਬਣਾਇਆ ਜਾ ਚੁੱਕਿਆ ਹੈ।

ABOUT THE AUTHOR

...view details